ਨੈਣਾਂ ਵਰਗੀ ਘਾੜਤ

ਤੇਰੇ ਨੈਣਾਂ ਵਰਗੀ ਘਾੜਤ ਘੜ ਲਈ ਗਜਲਾਂ ਦੀ

ਤੇਰੇ ਰੂਪ ਦੇ ਵਰਗੇ ਗੀਤ ਮੈਂ ਲਿਖ ਪੰਜ ਚਾਰ ਲਏ

ਕੁੱਝ ਤਾਂ ਕਾਪੀਆਂ ਦੇ ਵਿੱਚ ਜਜ਼ਬੇ ਕਰਤੇ ਬੰਦ ਕੁੜੇ 

ਕੁੱਝ ਕੂ ਕੁਦਰਤ ਵਰਗੀਏ ਕੁਦਰਤ ਸਿਰਤੋਂ ਵਾਰ ਲਏ। 

ਤੇਰੇ ਨੈਣਾਂ ਵਰਗੀ ਘਾੜਤ ਘੜ ਲਈ ਗਜਲਾਂ ਦੀ

ਤੇਰੀ ਸਾਦਗੀ ਵਰਗੀ ਲਿਖਤੀ ਇਕ ਰੁਬਾਈ ਨੀਂ 

ਚੁੱਪ ਜਿਹੇ ਹੋ ਬੈਠੇ ਸਾਂ ਖੋਰੇ ਕਿਧਰੋਂ ਆਈ ਨੀਂ 

ਕੁੱਝ ਅਹਿਸਾਸ ਜੋ ਵਿੱਚ ਅਹਿਸਾਸਾਂ ਦੇ ਵੰਨ ਰੱਖੇ ਸੀ

ਹਵਾ ਚੋਂ ਹਰਫ ਫੜੇ ਤੇ ਜਿਹਨ ਦੇ ਵਿੱਚ ਉਤਾਰ ਲਏ। 

ਤੇਰੇ ਨੈਣਾਂ ਵਰਗੀ ਘਾੜਤ ਘੜ ਲਈ ਗਜਲਾਂ ਦੀ

ਤੇਰੀ ਚੁੱਪ ਦੇ ਵਰਗੀ ਚੁੱਪ ਹਾਂ ਫੜ ਲਈ ਰਾਤਾਂ ਚੋਂ 

ਬੋਲ ਹਾਂ ਮਿਸ਼ਰੀ ਵਰਗੇ ਲੈ ਲਏ ਮਿੱਠੀਆਂ ਬਾਤਾਂ ਤੋਂ 

ਚੰਨ ਨੂੰ ਇਕ ਤਸਵੀਰ ਵਿਖਾ ਕੇ ਮਧਮ ਕਰ ਦਿੱਤਾ 

ਤੇ ਤਾਰੇ ਤੋੜਕੇ ਸਾਰੇ ਤੇਰਾ ਕਰ ਸ਼ਿੰਗਾਰ ਲਏ 

ਤੇਰੇ ਨੈਣਾਂ ਵਰਗੀ ਘਾੜਤ ਘੜ ਲਈ ਗਜਲਾਂ ਦੀ

ਤੇਰੇ ਹਾਸਿਆਂ ਵਰਗੇ ਲਿੱਖ ਦਿੱਤੇ ਕੁਝ ਮੁਖੜੇ ਨੀਂ 

ਮੁਖੜੇ ਢਲਦੀ ਉਮਰੇ ਤੋੜਿਆ ਕਰਣਗੇ ਦੁੱਖੜੇ ਨੀਂ 

ਬੁੱਢੇ ਆਪਾਂ ਹੋਣਾ, ਨੌਜਵਾਨ ਇਹ ਰਹਿਣੇ ਨੇਂ 

ਦੇਸੂ ਵਾਲੇ ਹਰਗੋਬਿੰਦ ਲਿੱਖ ਚੰਦ ਆਸਾਰ ਲਏ

ਤੇਰੇ ਨੈਣਾਂ ਵਰਗੀ ਘਾੜਤ ਘੜ ਲਈ ਗਜਲਾਂ ਦੀ

ਤੇਰੇ ਰੂਪ ਦੇ ਵਰਗੇ ਗੀਤ ਮੈਂ ਲਿਖ ਪੰਜ ਚਾਰ ਲਏ

 

📝 ਸੋਧ ਲਈ ਭੇਜੋ