ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ ਹੋ।
ਮੈਨੂੰ ਲੋੜ ਨਾਂਹ ਕਿਸੇ ਗਵਾਹ ਦੀ ਹੋ।
ਘੁਟ ਅਰਜ਼ ਨਿਮਾਣੀ ਸੀਨੇ ਦੀ
ਮੈਨੂੰ ਕਰ ਲੈ ਈਦ ਮਹੀਨੇ ਦੀ
ਮੰਗ ਸੁੱਖਾਂ ਨੂੰ
ਪੁੱਛ ਰੁੱਖਾਂ ਨੂੰ
ਮੈਂ 'ਵਾਜ ਕਿਸੇ ਦਰਿਆ ਦੀ ਹੋ,
ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ ਹੋ।
ਪੀ ਢੋਕ ਮੇਰੀ ਘੁੱਟ ਪਾਣੀ ਦਾ
ਨ ਵੱਡਾ ਰਿਜ਼ਕ ਨਿਮਾਣੀ ਦਾ-
ਬੀਬਾ ਕਰਨਾ ਏਂ
ਨ ਡਰਨਾ ਏਂ
ਗੱਲ ਸੂਰਜ ਛਿਪੇ ਤੋਂ ਰਾਹ ਦੀ ਹੋ,
ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ ਹੋ।
ਮੈਂ ਘੁੰਡੋਂ ਬਾਹਰ ਹਾਂ ਬੋਲ ਖਾਂ
ਕਰ ਦੂਰ-ਨਜ਼ਰ ਤੋਂ ਕੋਲ ਖਾਂ
ਰੂਹ ਸਫ਼ਰਾਂ ਵਿਚ
ਜਿੰਦ ਜਫ਼ਰਾਂ ਵਿਚ
ਗੱਲ ਡਾਢੇ ਬੇਪਰਵਾਹ ਦੀ ਹੋ,
ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ ਹੋ।
ਕਿਉਂ ਢਲੀਆਂ ਧੁੱਪਾਂ ਨੈਣ ਵੋ
ਥੱਕ ਪੈਂਡੇ ਦੇ ਵਿਚ ਸੈਣ ਵੋ
ਬੀਬਾ ਫ਼ਜਰਾਂ ਦੇ
ਰੰਗ ਨਜ਼ਰਾਂ ਦੇ
ਗੱਲ ਪੁੱਛ ਨ ਮੈਂਡੇ ਚਾਅ ਦੀ ਹੋ,
ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ ਹੋ।
ਪਾ ਨਜ਼ਰ ਸੁਵੱਲੀ ਦਾ ਹਰਫ਼ ਕਦੇ
ਦੇ ਧੂੜਾਂ ਉਹਲਿਓਂ ਦਰਸ ਕਦੇ
ਲਾ ਰੁੱਖ ਬੀਬਾ
ਦੱਸਾਂ ਦੁੱਖ ਬੀਬਾ
ਸਿੱਕ ਲੰਘਦੇ ਸਮੇਂ ਦੇ ਰਾਹ ਦੀ ਹੋ,
ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ ਹੋ—
ਮੈਨੂੰ ਲੋੜ ਨ ਕਿਸੇ ਗਵਾਹ ਦੀ ਹੋ।