ਨਕਾਰ ਸਾਕਾਰ ਬਣਾਇਆ ਹੈ

ਪੰਛੀ ਘਰ ਬਣਾਇਆ ਹੈ

ਘਰ ਬਣਾਇਆ ਹੈ

ਬਣਾਇਆ ਹੀ ਹੈ

ਕੁਝ ਵੀ ਨਾ ਢਾਹਿਆ ਹੈ

ਪੰਛੀ ਘਰ ਬਣਾਇਆ ਹੈ

ਕੁਝ ਸੁੱਕੇ ਹੋਏ ਪੱਤੇ

ਨਕਾਰਾ ਨਿਕ-ਸੁਕ

ਤੇ ਕੁਝ ਤੀਲ੍ਹੇ ਹੀ ਕਾਫੀ ਨੇ

ਘਰ ਵਾਸਤੇ ਵਸੀਲੇ

ਨਕਾਰ ਸਾਕਾਰ ਬਣਾਇਆ ਹੈ

ਪੰਛੀ ਘਰ ਬਣਾਇਆ ਹੈ

ਪੰਛੀ ਘਰ ਬਣਾਇਆ ਹੈ

ਘਰ ਵਿੱਚ ਵਾਸ ਕਰਾਇਆ ਹੈ

ਪਹਿਲਾਂ ਆਂਡੇ ਫਿਰ ਬੋਟ ਆਏ

ਫਿਰ ਚੂਕਣ ਗੁਟਕਣ ਆਈ

ਸੁੱਕੇ ਨਿਰਜੀਵ ਪੱਤੇ, ਤੀਲ੍ਹੇ

ਫਿਰ ਸਜੀਵ ਹੋ ਉੱਠੇ

ਰੁੱਖ ਨੂੰ ਭਾਗ ਲਗਾਇਆ ਹੈ

ਪੰਛੀ ਘਰ ਬਣਾਇਆ ਹੈ।

ਬੰਦੇ ਘਰ ਬਣਾਇਆ ਹੈ

ਕਿੰਨੇ ਪੰਛੀ-ਘਰਾਂ ਨੂੰ ਢਾਇਆ ਹੈ

ਬਿਰਖਾਂ ਨੂੰ ਬਲੀ ਚੜ੍ਹਾਇਆ ਹੈ

ਕੀਟ-ਘਰਾਂ ਭੌਣਾਂ ਨੂੰ

ਨੀਹਾਂ ਵਿੱਚ ਚਿਣਾਇਆ ਹੈ

ਬੰਦੇ ਜੋ ਘਰ ਬਣਾਇਆ ਹੈ

ਘਰ ਬਣਾਇਆ ਹੈ

ਜਾਂ ਘਰਾਂ ਨੂੰ ਢਾਹਿਆ ?

📝 ਸੋਧ ਲਈ ਭੇਜੋ