ਨਾਲ ਦੇ ਘਰ ਅੱਗ ਲੱਗੀ ਜੇ ਗੁਆਂਢੀ ਸੌਣਗੇ
ਕੁਝ ਕੁ ਘੜੀਆਂ ਵਿੱਚ ਸ਼ੋਲ੍ਹੇ ਉਹਨਾਂ ਘਰ ਵੀ ਆਉਣਗੇ
ਭੂਤਰੇ ਜੋ ਸਾਹਨ ਤਾਈਂ ਲੋਕ ਪੱਠੇ ਪਾਉਣਗੇ
ਉਹਦਿਆਂ ਸਿੰਙਾਂ 'ਚ ਆਪਣੇ ਵਾਲ ਵੀ ਫਸਵਾਉਣਗੇ
ਜਿਹਨਾਂ ਦੇ ਧੜ ਤੋਂ ਉਨ੍ਹਾਂ ਦੇ ਸੀਸ ਚੋਰੀ ਹੋ ਗਏ
ਜੇ ਕਿਤੇ ਮਿਲ ਵੀ ਗਈ ਕਲਗ਼ੀ ਤਾਂ ਕਿੱਥੇ ਲਾਉਣਗੇ
ਕੁੱਝ ਤਾਂ ਮੱਥਾ ਅਸੀਂ ਵੀ ਕੀਰਤਨ ਨੂੰ ਟੇਕਦੇ
ਕੀ ਪਤਾ ਸੀ ਉਹ ਸੁਬਾਹ ਸ਼ਾਮਾਂ ਦੀ ਬਾਣੀ ਗਾਉਣਗੇ
ਢਾਹ ਤਾਂ ਦਿੱਤੈ ਖੁਦਾ ਦਾ ਘਰ ਮਗਰ ਉਹ ਲੋਕ ਹੁਣ
ਰੁੱਸ ਗਏ ਭਗਵਾਨ ਤਾਈਂ ਕਿਸ ਤਰ੍ਹਾਂ ਪਤਿਆਉਣਗੇ
ਜੇ ਗਲੇ ਹੀ ਨਾ ਰਹੇ ਕੋਮਲ ਸਲਾਮਤ, ਫੇਰ ਦੱਸ
ਭੱਜੀਆਂ ਬਾਹਾਂ ਨੂੰ ਲੋਕੀਂ ਕਿਸ ਜਗ੍ਹਾ ਲਟਕਾਉਣਗੇ।