ਜਦੋਂ ਤੈਥੋਂ ਵਿਛੜ ਕੇ ਆਖ਼ਰੀ ਵਾਰੀਂ
ਮੈਂ ਅਪਣੇ ਪਾਸ ਮੁੜ ਕੇ ਆ ਰਿਹਾ ਸਾਂ
ਰਾਹ ਬਹੁਤ ਲੰਮਾ ਸੀ
ਧੁੱਪ ਵੀ ਬਹੁਤ ਗਾੜ੍ਹੀ ਸੀ
ਅੰਦਰ ਬਹੁਤ ਹੁੰਮ ਸੀ
ਤੇਰੀ ਸੰਗਤ 'ਚ ਜਿਹੜਾ ਬਿਰਛ
ਸਾਡੇ ਨਾਲ ਤੁਰਦਾ ਸੀ
ਉਹ ਬਹੁਤ ਪਿੱਛੇ ਨਛਾਵਾਂ ਮਰ ਗਿਆ ਸੀ
ਤੇਰੇ ਵੱਲੋਂ ਸਵੇਰੀ ਪੌਣ
ਜੋ ਪਿੰਡੇ ਨੂੰ ਛੋਹ ਕੇ ਲੰਘਦੀ ਸੀ
ਅਜ ਨਸ਼ਾਹੀ ਚੁਪ ਖੜੀ ਸੀ
ਅਸਾਂ ਦੋਹਾਂ ਨੇ ਇਕ ਦੂਜੇ ਨੂੰ
ਅਪਣੇ ਜਿਸਮ ਦਾ ਗੁਰਦਾ ਸਮਝ ਕੇ ਝਾੜ ਦਿਤਾ ਸੀ
ਤਨ ਬਹੁਤ ਹੌਲਾ ਸੀ
ਹੌਲਾ ਫੁਲ ਜਿਸ ਨੂੰ ਮਹਿਕ ਦਾ ਵੀ ਭਾਰ ਨਹੀਂ
ਏਨਾ ਹੌਲਾ ਕਦੇ ਪਹਿਲਾਂ ਨਾ ਸਾਂ
ਹੋਂਦ ਸ਼ੱਕੀ, ਆਪਣੇ ਤੇ ਬੇਵਸਾਹੀ ਸੀ
ਡਰ ਰਿਹਾ ਸਾਂ :
ਮੇਰੇ ਚਿਹਰੇ ਦਾ ਕੋਈ ਅੰਗ
ਭੁਰ ਕੇ ਡਿਗ ਪਿਆ ਹੈ
ਮੇਰਾ ਹਉਮੈਂ ਕਿਤੋਂ ਲੁੰਝਿਆ ਗਿਆ ਹੈ
ਮੈਂ ਕਰੜੀ ਧੁਪ ਦੇ ਕਾਲੇ ਕੋਹ
ਇਸੇ ਸ਼ਰਮਿੰਦਗੀ ਦੀ ਛਾਂ 'ਚ ਤੁਰਿਆ ਆ ਰਿਹਾ ਸਾਂ
ਨਬਿਰਛੇ ਰਾਹ ਜਹੀ ਚੁਪਚਾਪ ਮੇਰੀ ਹੋਂਦ ਸੀ
ਇਕ ਸਾਂ ਮੈਂ
ਦੂਜੀ ਧੁਪ
ਤੀਜੀ ਚੁਪ
ਮੇਰੀ ਚੁਪ ਵਿਚ ਤੂੰ ਹੀ ਤੂੰ ਬਿਲਬਿਲਾਉਂਦੀ ਸੈਂ
ਜਿਹੜੀ ਚੁਪ ਵਿਚ ਕਿਸੇ ਦੀ ਬਾਤ ਨਹੀਂ ਛਿੜਦੀ
ਉਹ ਮੇਰੀ ਚੁਪ ਨਹੀਂ ਹੈ
ਮੇਰੀ ਚੁਪ ਸੀ ਜਿਵੇਂ
ਮੈਂ ਕੀੜੀਆਂ ਦੇ ਭੌਣ ਤੇ ਸੁੱਤਾ ਪਿਆ ਹਾਂ
ਤੇਰੀ ਪਿੱਠ ਤੇ ਤੇਰੇ ਸਾਹਵਾਂ ਖਲੋਤਾ
ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇ ਰਿਹਾ ਸਾਂ
ਜੋ ਤੂੰ ਨਹੀਂ ਪੁੱਛੇ
ਕਿਸੇ ਉਜੜੀ ਕਚਹਿਰੀ ਵਿਚ
ਬਿਨਾਂ ਸੰਮਣ ਬਿਨਾਂ ਆਵਾਜ਼ ਹਾਜ਼ਰ
ਮੈਂ ਆਪਣੇ ਆਪ ਦੀ ਆਪੇ ਗਵਾਹੀ ਦੇ ਰਿਹਾ ਸਾਂ
ਕਦੇ ਹੁੰਮਸ ਨੂੰ ਕੋਈ ਸਾਹ ਆਉਂਦਾ ਸੀ
ਤਾਂ ਮੈਂ ਝਟ ਤ੍ਰਭਕ ਉਠਦਾ ਸਾਂ
ਜਾਪਦਾ ਸੀ
ਮੇਰੀ ਗੱਲ ਤੇ ਹੁਣੇ
ਉਜੜੀ ਕਚਹਿਰੀ ਹੱਸ ਪਈ ਸਾਰੀ
ਰਤਾ ਕੁਝ ਹੋਰ ਗੂੜ੍ਹੀ ਹੋ ਗਈ
ਸ਼ਰਮਿੰਦਗੀ ਦੀ ਛਾਂ
ਚਿਹਰਾ ਰਤਾ ਕੁਝ ਹੋਰ ਭੁਰਿਆ
ਮੈਂ ਅਪਣੇ ਵਿਚ ਗਰਕ ਕੇ
ਫੇਰ ਜਦ ਕੁਝ ਸੰਭਲਿਆ
ਤਾਂ ਤੇਰੀ ਯਾਦ ਤੇਰੇ ਵਾਂਗ
ਅਪਣੇ ਜਿਸਮ ਦਾ ਗੁਰਦਾ ਸਮਝ ਕੇ ਝਾੜ ਦਿੱਤੀ
ਮੈਂ ਅਪਣੇ ਆਪ ਤੋਂ ਕੁਝ ਹੋਰ ਹੌਲਾ ਹੋ ਗਿਆ
ਹੁਣ ਮੇਰੀ ਹਉਂ ਤੇ
ਕਿਸੇ ਜਿਉਂਦੇ ਜੁਰਮ ਦਾ ਬੋਝ ਨਹੀਂ ਸੀ
ਜੀਣ ਦਾ ਸੁਰ ਬਹੁਤ ਮੱਧਮ ਸੀ
ਮੈਂ ਅਪਣੇ ਆਪ ਦੀ ਇਕ ਲੀਕ
ਤੁਰਿਆ ਜਾ ਰਿਹਾ ਸਾਂ
ਅਜੇ ਤੀਕਰ ਮੈਂ ਅਪਣੇ ਕੋਲ ਨਹੀਂ ਪਹੁੰਚਾ
ਰਾਹ ਬਹੁਤ ਲੰਮਾ ਹੈ
ਇਕ ਹੈ ਧੁਪ
ਦੂਜੀ ਚੁਪ
ਮੇਰੀ ਚੁਪ ਵਿਚ ਤੂੰ ਹੀ ਤੂੰ ਬਿਲਬਿਲਾਉਂਦੀ ਹੈ