ਨਾ ਕਾਸ਼ੀਓ ਨਾ ਕਾਬਿਓਂ
ਨਾ ਮਸਜਿਦੋਂ ਨਾ ਮੰਦਿਰੋਂ
ਨਾਨਕ ਰੱਬ ਲੱਭਿਆ ਅੰਦਰੋਂ
ਕਹੇ ਨਾਨਕ ਵੰਡਦਾ ਜਾ ਰਿਜ਼ਕ
ਨਿੱਤ ਆਪਣੇ ਹੱਥੀਂ ਕਰ ਕਿਰਤ
ਤੜਕ ਪਹਿਰ ਸ਼ਾਮ ਅੱਧੀ ਰਾਤੀ
ਸੋਹਣੇ ਰੱਬ ਦੀ ਕਰ ਤੂੰ ਸਿਫ਼ਤ
ਨਾ ਧਾਗਿਓਂ ਨਾ ਮੰਤਰੋਂ
ਨਾ ਮੂਰਤੋਂ ਨਾ ਪੱਥਰੋਂ
ਨਾਨਕ ਰੱਬ ਲੱਭਿਆ ਅੰਦਰੋਂ
ਕਰੇ ਪਿਆਰ ਓਹ ਆਦਮ ਜਾਤ ਨੂੰ
ਹਵਾ ਪਾਣੀ ਧਰਤ ਮਾਤ ਨੂੰ
ਉਸ ਸ਼ਬਦ ਨੂੰ ਜੋ ਹੈ ਆਦਿ ਤੋਂ
ਉਸ ਸ਼ਬਦੋਂ ਰਚੀ ਕਾਇਨਾਤ ਨੂੰ
ਨਾ ਮੜ੍ਹੀਓਂ ਨਾ ਕਬਰੋਂ
ਨਾ ਰੀਤ ਰਸਮ ਅਡੰਬਰੋਂ
ਨਾਨਕ ਰੱਬ ਲੱਭਿਆ ਅੰਦਰੋਂ
ਹਰ ਦੁੱਖ ਵਿੱਚ ਹੀ ਹੈ ਦੁੱਖ ਦਵਾ
ਬਿਨ੍ਹਾਂ ਦੁੱਖ ਜ਼ਿੰਦਗੀ ਨਾ ਜਾਏ ਨਿਭਾ
ਨਾਨਕ ਆਖੇ ਕਰ ਸਬਰ ਸ਼ੁਕਰ
ਮਨ ਹਰ ਵੇਲੇ ਰੱਬ ਦੀ ਹੀ ਰਜ਼ਾ
ਨਾ ਜੋਗੀਓਂ ਨਾ ਟਿਲਿਓਂ
ਨਾ ਪੱਥਰੋਂ ਨਾ ਜੰਗਲੋਂ
ਨਾਨਕ ਰੱਬ ਲੱਭਿਆ ਅੰਦਰੋਂ