ਸ਼ਾਮ ਨੂੰ
ਜਦ ਸੰਸਾਰ ਦੇ ਦੀਪਕਾਂ ਦੀ ਲੋਅ ਤੇ
ਰਾਤਾਂ ਦੇ ਸਾਰੇ ਸਿਤਾਰਿਆਂ ਉਤੇ
ਤੇ ਚੰਦ ਉੱਤੇ
ਜਦ ਮੈਂ ਲਿਖ ਦਿੱਤਾ ਨਾਨਕ ਨਾਨਕ
ਤਾਂ ਫਿਰ ਕਰ ਕੇ ਵਿਖਾਇਓ ਬੇਅਦਬੀ
ਅੰਬਰ ਤੱਕ ਤੁਹਾਡਾ
ਹੱਥ ਨਹੀਂ ਜਾਣਾ
ਐਵਰਸਟ ਦੀਆਂ ਚੋਟੀਆਂ ਤੇ
ਤੁਸੀਂ ਚੜ੍ਹਨ ਨਹੀਂ ਜੋਗੇ
ਮਿਟਾ ਕੇ ਵਿਖਾਇਓ
ਬਾਬੇ ਦੀ ਫੋਟੋ ਤੇ ਫ਼ਲਸਫ਼ਾ
ਉਚੇ ਰੁੱਖ਼ਾਂ
ਦੀਆਂ ਸ਼ਿਖਰਾਂ ਤੱਕ
ਮੈਂ ਤੁਹਾਨੂੰ ਓਦਾਂ ਖੰਘਣ ਨਹੀਂ ਦੇਣਾ
ਰਬਾਬ ਕਿਵੇਂ ਖੋਹ ਲਓਗੇ
ਮਰਦਾਨੇ ਦੀ
ਰਾਗ ਤਰੰਗਾਂ ਸੰਗੀਤ
ਕਿੰਝ ਬੰਦ ਕਰ ਦਿਓਗੇ
ਧੁਰੋਂ ਉਗਮਿਆ
ਪੌਣਾਂ ਵਿੱਚੋਂ ਕਿਵੇਂ ਮਿਟਾ ਦਿਓਗੇ
ਚਿੜੀਆਂ ਦੀਆਂ ਚੁੰਝਾਂ
ਚੋਂ ਕਿਰਨ ਨਹੀਂ ਦੇਣਾ ਨਾਨਕ ਦਾ ਨਾਂ
ਕੋਇਲ ਨੂੰ ਕਹਿਣਾ
ਨਾਨਕ ਨਾਨਕ ਗਾਇਆ ਕੂਕਿਆ ਕਰ
ਨਾਮ ਦੇ ਰਸ ਨਾਲ
ਭਰ ਮਿੱਠੇ ਅੰਬ ਲੱਗਣਗੇ ਹਰ ਡਾਲ਼ੀ ਤੇ
ਸੂਰਜ ਦੀਆਂ ਰਿਸ਼ਮਾਂ ਚ ਘੋਲ ਦੇਣਾ
ਦਰਿਆਵਾਂ ਦੇ ਪਾਣੀਆਂ ਵਿੱਚ
ਨਾਨਕ ਨਾਮੀ ਲਹਿਰਾਂ ਤੇ ਤਰੇਗਾ
ਸੁਨੇਹਾ ਨਾਨਕ ਦਾ
ਤਾਰੀਆਂ ਲਾਇਓ
ਸਿਮਰਨ ਕਰਿਓ ਜਪੁਜੀ ਸਾਹਿਬ ਦਾ
ਦੁਨੀਆਂ ਦੇ ਹਰ ਘਰ ਦੇ ਬੂਹੇ
ਮੱਥੇ ਤੇ ਉੱਕਰ ਦੇਣਾ
ਨਾਨਕ ਦਾ ਫਲਸਫਾ
ਕੋਈ ਮਿਟਾ ਕੇ ਵਿਖਾਵੇ
ਜਦ ਲੋਕਾਈ ਦੇ ਹਰ ਸੀਨੇ
ਹਰ ਸਾਹ ਤੇ ਝਰੀਟ ਦਿੱਤਾ
ਕਿਸੇ ਨੇ ਮਿਟਾਉਣਾ ਵੀ ਨਹੀਂ
ਜੁਅਰਤ ਨਹੀਂ ਪੈਣੀ ਕਿਸੇ ਦੀ
ਹਰ ਘਰ ਬਣਾ ਦੇਣਾ
ਗੁਰ ਦੁਆਰ
ਹਰ ਵਿਹੜੇ ਚ ਸਜਾ ਦੇਣੀ ਰਬਾਬ
ਸ਼ਬਦ ਰਾਗ ਜਗਾ ਦੇਣਾ
ਅਰਸ਼ ਦੀਆਂ ਝਾਲਰਾਂ ਤੇ