ਨਾਨਕ ਵਰਗਾ ਗੁਰੂ ਪੈਗ਼ੰਬਰ

ਨਰਗਿਸ ਨੂੰ ਫੁੱਲ ਸਦੀਆਂ ਮਗਰੋਂ ਜਾ ਕੇ ਜਿਸਰਾਂ ਆਉਂਦਾ ਹੈ

ਨਾਨਕ ਵਰਗਾ ਗੁਰੂ ਪੈਗ਼ੰਬਰ ਧਰਤ ਤੇ ਏਦਾਂ ਆਉਂਦਾ ਹੈ। 

ਜਿਸਨੂੰ ਸਾਰੇ ਤਬਕੇ ਆਖਣ ਸਾਡਾ ਹੈ ਇਹ ਸਾਡਾ ਹੈ

ਐਸਾ ਰੁਤਬਾ ਵਿਰਲੇ ਕਾਮਲ ਸਖਸ਼ ਦੇ ਹਿੱਸੇ ਆਉਂਦਾ ਹੈ। 

ਸੂਰਜ ਚੰਨ ਸਿਤਾਰੇ ਸਾਰੇ ਬੇਸ਼ੱਕ ਚੜ੍ਹਦੇ ਸਦੀਆਂ ਤੋਂ

ਐਪਰ ਪਹਿਲੀ ਵਾਰੀ ਬਾਬਾ ਗਗਨ ਦੇ ਥਾਲ ਸਜਾਉਂਦਾ ਹੈ। 

ਖੇਤੀ ਅਤੇ ਇਬਾਦਤ ਕਰਨਾ ਕੁਦਰਤ ਦੇ ਨਾਲ ਜੁੜਨਾ ਹੈ

ਸਮਝੇ ਨਾ ਅਸੀਂ ਹਾਲੇ ਤੀਕਰ ,ਗੁਰੂ ਜੋ ਕਰ ਸਮਝਾਉਂਦਾ ਹੈ। 

ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਸੁਹਾਵੀ ਦੇ

ਵਲੀ ਹਿੰਦ ਦਾ ਪਹਿਲੀ ਵਾਰੀ ਹੱਕ ਵਿੱਚ ਨਾਹਰਾ ਲਾਉਂਦਾ ਹੈ। 

ਖੰਡ ਮੰਡਲ ਬ੍ਰਹਿਮੰਡ ਸਗਲ ਹੀ ਜਿਸਦਾ ਦਰ ਤੇ ਘਰ ਹੋਵੇ

ਕਦੇ ਕਦੇ ਕਾਇਨਾਤੀ ਬੰਦਾ ਵਿੱਚ ਹਯਾਤੀ ਆਂਉਦਾ ਹੈ। 

ਨਰਗਿਸ ਨੂੰ ਫੁੱਲ ਸਦੀਆਂ ਮਗਰੋਂ ਜਾ ਕੇ ਜਿਸਰਾਂ ਆਉਂਦਾ

ਨਾਨਕ ਵਰਗਾ ਗੁਰੂ ਪੈਗ਼ੰਬਰ ਧਰਤ ਤੇ ਏਦਾਂ ਆਉਂਦਾ ਏ।

📝 ਸੋਧ ਲਈ ਭੇਜੋ