ਪਾਪਾ ਨੰਨ੍ਹੀ ਜਾਨ ਤੇਰੀ, ਕੀ ਕਰਾਂ ਮੈਂ ਹੁਣ ਹਿਸਾਬਾਂ ਦਾ ?
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਦਿਲ ਦਾ ਦਰਦ ਮੈਂ ਕਿਹਨੂੰ ਦੱਸਾਂ,
ਹਰ ਵੇਲੇ ਖੇਡਣ ਵੱਲ ਨੱਸਾਂ।
ਹੋਮ-ਵਰਕ ਦਾ ਡਰ ਸਤਾਵੇ,
ਖਾਦਾ ਪੀਤਾ ਬਾਹਰ ਨੂੰ ਆਵੇ।
ਉੱਡਣਾ ਵਿੱਚ ਹਵਾ ਦੇ ਚਾਹਵਾਂ, ਜਿਵੇਂ ਡਾਰ ਕੋਈ ਖੁਆਬਾਂ ਦਾ।
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਦਿਲ ਬੜਾ ਹੈ ਸੌਣ ਨੂੰ ਕਰਦਾ,
ਉੱਠਣ ਨੂੰ ਦਿਲ ਰਤਾ ਨਾ ਕਰਦਾ,
ਪਰ ਪੇਪਰ ਹੁਣ ਨੇੜੇ ਆ ਗਏ।
ਸਿਲੇਬਸ ਮੇਰਾ ਭੱਜਿਆ ਜਾਵੇ,
ਵਗਣਾ ਵਾਂਗ ਪਾਣੀ ਦੇ ਚਾਹਵਾਂ, ਜਿਵੇਂ ਲੱਗੇ ਰੋਕ ਚਨਾਬਾਂ ਦਾ।
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਪਰ ਪਾਪਾ ਜਦ ਤੁਸੀਂ ਪੜ੍ਹਾਂਦੇ,
ਬੜੇ ਪਿਆਰ ਦੇ ਨਾਲ ਸਮਝਾਂਦੇ।
ਨਿੱਕੀ-ਨਿੱਕੀ ਗਲਤੀ ਮੇਰੀ,
ਪਿਆਰ ਦੀ ਘੂਰੀ ਵਿੱਚ ਲੁਕਾਂਦੇ।
ਦਿੱਖ ਤੁਹਾਡੀ ਜਿਹੀ ਹੀ ਚਾਹਵਾਂ, ਜਿਵੇਂ ਹੋਵੇ ਰੋਹਬ ਨਵਾਬਾਂ ਦਾ।
ਪਾਪਾ ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।
ਪਾਪਾ ਜਦ ਮੈਂ ਗਾਣੇ ਗਾਵਾਂ,
ਹੌਲੀ-ਹੌਲੀ ਭੰਗੜਾ ਪਾਵਾਂ,
ਦੇਖ ਤੁਹਾਡੇ ਹਾਸੇ ਨੂੰ ਮੈਂ,
ਸਦੀਆਂ ਤੱਕ ਵੀ ਭੁੱਲ ਨਾ ਪਾਵਾਂ।
ਚਿਹਰਾ ਸਦਾ ਖਿੜੇ ਤੁਹਾਡਾ, ਜਿਵੇਂ ਫੁੱਲ ਹੋਵੇ ਗੁਲਾਬਾਂ ਦਾ।
ਪਾਪਾ 'ਸੁਖਦੇਵ' ਨਹੀਂ ਹੁਣ ਚੁੱਕਿਆ ਜਾਂਦਾ, ਮੈਥੋਂ ਭਾਰ ਕਿਤਾਬਾਂ ਦਾ।