ਨਨਕਾਣੇ ਦੀਆਂ ਜੂਹਾਂ ਵਿਚ

[ਗੁਰੂ ਨਾਨਕ ਸਾਹਿਬ ਦੇ ਪੰਜ ਸੌਵੇਂ 

ਜਨਮ ਦਿਨ ਉੱਤੇ ਮੈਂ ਵੀ ਬਾਬੇ ਦੇ 

ਉੱਚੇ ਦਰਾਂ ਉੱਤੇ ਪਹੁੰਚਿਆ ਸਾਂ। 

ਇਹ ਵੈਰਾਗ ਦਾ ਇਕ ਅਜੀਬ 

ਦ੍ਰਿਸ਼ ਸੀ। ਇਕ ਪਾਸੇ ਤਾਂ 

ਮੁਸਲਮਾਨ ਕੌਮ ਮੁਹੱਬਤ ਦੇ 

ਦਰਿਆ ਵਗਾ ਰਹੀ ਸੀ, ਦੂਜੇ 

ਪਾਸੇ ਸਿੱਖ ਕੌਮ ਪਿਆਰੇ ਦੀ 

ਪਾਕ ਜ਼ਮੀਨ ਉੱਤੇ ਵਿਚਰਦੀ 

ਹੋਈ ਵੀ ਉਦਾਸ ਸੀ। ਆਪਣੇ 

ਹੀ ਲਹੂ ਤੋਂ ਅਸੀਂ ਪਰਦੇਸੀ ਸਾਂ। 

ਨਨਕਾਣੇ ਦੇ ਤਲਾ ਸੁੱਕ ਗਏ 

ਸਨ। ਪਰ ਉਦਾਸ ਰੋਂਦੇ ਸਿੰਘਾਂ 

ਨੂੰ ਗਲ ਲਾ ਰਹੇ ਬੇਬਸ 

ਮੁਸਲਮਾਨਾਂ ਦੀ ਮੁਹੱਬਤ ਵੀ 

ਬੇ-ਮਿਸਾਲ ਸੀ। ਕੁਝ ਅਜਿਹੇ 

ਵਲਵਲੇ ਹੀ ਇਸ ਕਵਿਤਾ 

ਵਿਚ ਬਿਆਨ ਕੀਤੇ ਹਨ।]

ਸਾਨੂੰ ਯਾਦ ਅੱਲਾ ਦੀਆਂ ਗਲੀਆਂ 

ਆਈਆਂ ਵਕਤ ਅਖ਼ੀਰਾਂ ਦੇ। 

ਅੱਧੀ ਰਾਤ ਸੇਕ ਪਏ ਮਾਰਨ 

ਕਿਤੇ ਮਜ਼ਾਰ ਫ਼ਕੀਰਾਂ ਦੇ।

ਸਿਖਰ ਦੁਪਹਿਰੇ ਢੋਲ ਸੁਣੇ ਪਿਆ

ਕੌਣ ਪਛਾਣੇ ਸਾਨੂੰ ?

ਸੁੱਕੇ ਸਰਵਰ ਕੰਢੇ ਸਾਈਆਂ

ਮੇਲੇ ਭਰੇ ਸਰੀਰਾਂ ਦੇ।

ਹਿੱਕੋ ਅਰਜ਼ ਕਰੇਂਦੀ ਕਮਲੀ 

ਪੀਲੂਆਂ ਦਾ ਨਜ਼ਰਾਨਾ ਚਾ: 

“ਇਹੀਓ ਯਾਰ ਦੀਆਂ ਨੇ ਗਲੀਆਂ, 

ਇਹੀਓ ਵਕਤ ਅਖ਼ੀਰਾਂ ਦੇ!"

ਮੇਲੇ ਦੇ ਵਿਚ ਜੁੜਿਓ ਲੋਕੋ, 

ਸੇਕ ਕਿਤੇ ਮਰਦਾਨੇ ਦਾ।

ਸਾਨੂੰ ਮਿਲਣ ਯਾਰ ਅੱਜ ਆਏ

ਬੇਲੇ ਛੋਡ ਕੇ ਹੀਰਾਂ ਦੇ।

ਸਾਂਦਲ ਬਾਰ ਦੀਆਂ ਜੂਹਾਂ ਵਿਚ 

ਮੁੱਦਤਾਂ ਪਿੱਛੋਂ ਆਏ ਹਾਂ, 

ਵਣਾਂ ਕਰੀਰਾਂ ਵਿਚ ਪਏ ਰੁਲਦੇ

ਖ਼ਾਲੀ ਹੱਥ ਤਕਦੀਰਾਂ ਦੇ।

ਫੇਰ ਧਮਾਲ ਤੇਰੀ ਦੇ ਆਂਗਣ

ਲੂਹੇ ਪੈਰ ਖਲੋ ਗਏ,

ਸਾਨੂੰ ਰਾਹ ਵਿਚ ਘੇਰਣ ਰੋ ਕੇ

ਲਸ਼ਕਰ ਡੂੰਘਿਆਂ ਨੀਰਾਂ ਦੇ।

ਭੱਠ ਦੇ ਕੰਢੇ ਸੱਥਰ ਕਿਰਦੇ 

ਦੂਰ ਸਰਕੜਾ ਤਪਿਆ,

ਥਲਾਂ ਦੇ ਵਿਚ ਪਰਛਾਵੇਂ ਸੁੰਨੇ 

ਬਦਨਸੀਬ ਸ਼ਮਸ਼ੀਰਾਂ ਦੇ।

ਨਾਗ ਦੇ ਫਣ ਤੋਂ ਕਹਿਰਵਾਨ ਹੋ 

ਤਪ ਤਪ ਡਿੱਗੀਆਂ ਛਾਵਾਂ, 

ਸੁੱਕੇ ਸਰਵਰ ਦੀ ਹਿੱਕ ਵੱਜਦੇ 

ਬਿੰਗ ਪੁਰਾਣੇ ਤੀਰਾਂ ਦੇ।

ਮਾਛੀਵਾੜੇ ਦੇ ਜੰਗਲਾਂ 'ਚੋਂ

ਖ਼ੂਨ ਤਿਰਾ ਪਿਆ ਆਵੇ,

ਸੁੱਕੇ ਸਰਵਰ ਕੰਢੇ ਰੁਲਦੇ 

ਚੋਲੇ ਪਾਟੀਆਂ ਲੀਰਾਂ ਦੇ।

ਬੇ-ਰਬਾਬ ਖ਼ਾਕ ਦੇ ਅੰਦਰ

ਜਾਨ ਮੇਰੀ ਪਈ ਕੁੱਸੇ !

ਕਿਸਨੂੰ ਹਾਲ ਕਹੀਏ ਅੱਜ ਸਾਈਆਂ 

ਬੇ-ਨਿਆਜ਼ ਤਕਦੀਰਾਂ ਦੇ ?

ਸਭ ਬਗਦਾਦ-ਮੱਕੇ ਦੀਆਂ ਕੁੰਟਾਂ 

ਕਿਸ ਮਜ਼ਾਰ 'ਤੇ ਖੜੀਆਂ

ਕੁਝ ਬੋਲ ਸਕੇ ਮਰਦਾਨਾ 

ਸਾਹ ਪਏ ਟੁੱਟਦੇ ਵੀਰਾਂ ਦੇ।

ਵਣਾਂ-ਕਰੀਰਾਂ ਦੀ ਛਾਂ ਵੇਖੇ

ਮੰਗੂ ਚਰਦੇ ਦੂਰ ਕਿਤੇ !

ਕਿਉਂ ਅੱਜ ਪਛਾਣ ਲਵੇਂ ਤੂੰ 

ਅੱਥਰੂ ਦੋ ਤਕਸੀਰਾਂ ਦੇ।

ਜੀਵੇਂ ਡਾਢਾ ਹੁਕਮ ਹੈ ਸਾਈਆਂ 

ਦਰਵੇਸ਼ੀ ਵੀ ਤੈਂਡੀ ਜੇ, 

ਤੱਕ ਲੈ ਪੈੜ ਤੇਰੀ ਵਿਚ ਸੁੱਤੇ 

ਨਿਰੇ ਖ਼ਾਬ ਤਸਵੀਰਾਂ ਦੇ।

📝 ਸੋਧ ਲਈ ਭੇਜੋ