ਨਾਨਕੀ ਦਾ ਪਿਆਰਾ ਵੀਰ ਨਾਨਕ

ਕਿਸੇ ਆਖਿਆ ਬਾਦਸ਼ਾਹ ਜਗ ਦਾ ਏ,

ਕਿਸੇ ਆਖਿਆ ਪੀਰਾਂ ਦਾ ਪੀਰ ਨਾਨਕ

ਕਿਸੇ ਆਖਿਆ ਆਬ ਜ਼ਮ-ਜ਼ਮ ਦਾ,

ਕਿਸੇ ਆਖਿਆ ਗੰਗਾ ਦਾ ਨੀਰ ਨਾਨਕ

ਕਿਸੇ ਆਖਿਆ ਛੇੜੂ ਮੱਝੀਆਂ ਦਾ,

ਕਿਸੇ ਆਖਿਆ ਅਧੀਰਾਂ ਦਾ ਧੀਰ ਨਾਨਕ

ਕਿਸੇ ਆਖਿਆ ਭਗਵਾਨ ਦਾ ਰੂਪ ਹੈ ਇਹ,

ਕਿਸੇ ਆਖਿਆ ਸਾਈਂ ਫਕੀਰ ਨਾਨਕ

ਬਿਜਲੀ ਝੱਟ ਪ੍ਰਣਾਮ ਨੂੰ ਦੌੜਦੀ ਸੀ,

ਜਦੋਂ ਵੇਖਦੀ ਤੇਰੀ ਤਸਵੀਰ ਨਾਨਕ

ਸੂਰਜ ਸੱਚ ਵਾਲਾ, ਸੋਮਾ ਨਿਮਰਤਾ ਦਾ,

ਆਇਆ ਨਾਨਕੀ ਦਾ ਪਿਆਰਾ ਵੀਰ ਨਾਨਕ

ਉੱਡਿਆ ਪਿਆਰ ਸੀ ਭਾਈਆਂ ਦੇ ਦਿਲਾਂ ਵਿੱਚੋਂ,

ਛਾਇਆ ਹੋਇਆ ਸੀ ਜਦੋਂ ਹਨੇਰ ਸਾਰੇ

ਫਿਰ, ਨਫਰਤ ਤੇ ਵੈਰ ਵਿਰੋਧ ਵਾਲੇ,

ਥਾਂ ਥਾਂ ਤੇ ਲੱਗੇ ਸੀ ਢੇਰਾਂ ਦੇ ਢੇਰ ਸਾਰੇ

ਕੋਈ ਅੰਤ ਨਹੀਂ ਸੀ ਓਦੋਂ ਡਾਕੂਆਂ ਦਾ,

ਫੈਲੇ ਹੋਏ ਸਨ ਚਾਰ ਚੁਫ਼ੇਰ ਸਾਰੇ

ਬੇੜੀ ਮਨੁੱਖਤਾ ਦੀ ਕੰਢੇ ਤੇ ਕਿਵੇਂ ਲੱਗੇ,

ਚਾਹੁੰਦੇ ਡੋਬਣਾ ਸੀ ਘੁੰਮਣ ਘੇਰ ਸਾਰੇ

ਪਸ਼ੂ ਅਤੇ ਇਨਸਾਨ ਵਿੱਚ ਫ਼ਰਕ ਨਹੀਂ ਸੀ,

ਜਦੋਂ ਵੇਖਿਆ ਇਹ ਅਖੀਰ ਨਾਨਕ

ਜਗਤ ਪਿਤਾ ਤੇ ਕਾਲੂ ਦਾ ਪੁੱਤ ਬਣ ਕੇ,

ਆਇਆ ਨਾਨਕੀ ਦਾ ਪਿਆਰਾ ਵੀਰ ਨਾਨਕ

ਤਾਰੇ ਅੱਗ ਆਕਾਸ਼ ‘ਚੋਂ ਸੁੱਟਦੇ ਸਨ,

ਜ਼ਮੀਂ ਉਗਲਦੀ ਲਾਲ ਅੰਗਾਰਿਆਂ ਨੂੰ

ਮਾਲੀ ਧਾਰ ਸੱਯਾਦ ਦਾ ਰੂਪ ਲਿੱਤਾ,

ਪੁੱਟਣ ਲਗ ਪਏ ਫੁੱਲਾਂ ਦੇ ਢਾਰਿਆਂ ਨੂੰ

ਸ਼ੋਹਲੇ ਨਿਕਲ ਕੇ ਲਹਿਰਾਂ ਦੀ ਹਿੱਕ ਵਿੱਚੋਂ,

ਫ਼ੂਕਣ ਲਗ ਪਏ ਜਦੋਂ ਕਿਨਾਰਿਆਂ ਨੂੰ

ਵੈਰੀ ਹੋ ਗਏ ਜਨਤਾ ਦੇ ਆਪ ਰਾਖੇ,

ਬਿਪਤਾ ਦੇ ਦਿੱਤੀ ਬਿਪਤਾ ਮਾਰਿਆਂ ਨੂੰ

ਦੁੱਖ ਸਾਰੇ ਸੰਸਾਰ ਦਾ ਮੇਟਣੇ ਲਈ,

ਬਣ ਕੇ ਆਇਆ ਰੱਬੀ ਸਫ਼ੀਰ ਨਾਨਕ

ਮਾਤ ਲੋਕ ਨੂੰ ਸਵਰਗ ਬਨਾਣ ਦੇ ਲਈ,

ਆਇਆ ਨਾਨਕੀ ਦਾ ਪਿਆਰਾ ਵੀਰ ਨਾਨਕ

ਉਸ ਨਾਨਕ ਨੂੰ ਕਿਸ ਪੜ੍ਹਾਉਣਾ ਸੀ,

ਉਹ ਤਾਂ ਪੜ੍ਹਿਆਂ ਨੂੰ ਆਪ ਪੜ੍ਹਾਣ ਲੱਗਾ।

ਚੱਕੀ ਗਈ ਪੱਟੀ ਫਿਰ ਬਾਬਰ ਦੀਆਂ ਅੱਖਾਂ ਤੋਂ,

ਚੱਕੀ ਬਾਬਰ ਦੀ ਜਦੌਂ ਚਲਾਣ ਲੱਗਾ।

ਨਿੱਕੇ ਮੋਟੇ ਤਾਂ ਰਹਿ ਗਏ ਇੱਕ ਪਾਸੇ,

ਪੰਡਤਾਂ ਤਾਈਂ ਵੀ ਗਿਆਨ ਸਮਝਾਣ ਲੱਗਾ।

ਵੈਰ ਕੱਢ ਕੇ ਮਨੁੱਖਾਂ ਦੇ ਦਿਲਾਂ ਵਿੱਚੋਂ,

ਪ੍ਰੇਮ ਪਿਆਰ ਦੇ ਜਾਮ ਪਿਆਣ ਲੱਗਾ।

ਮਜ਼ਲੂਮਾਂ ਦੁਖੀਆਂ ਤੇ ਪੀੜਤਾਂ ਲਈ,

ਸੁਆਰਨ ਲਈ ਹੈ ਆਇਆ ਤਕਦੀਰ ਨਾਨਕ।

ਕਿਹਾ ਕਾਲੂ ਨਿਕੰਮਾ ਹੈ ਪੁੱਤ ਮੇਰਾ,

ਆਖੇ ਨਾਨਕੀ ਪਿਆਰਾ ਹੈ ਵੀਰ ਨਾਨਕ।

ਵਲ ਕੱਢੇ ਵਲੀ ਹੰਕਾਰੀਆਂ ਦੇ,

ਸੱਜਣ ਠੱਗਾਂ ਨੂੰ ਪਿਆਰ ਸਿਖਾ ਦਿੱਤਾ।

ਮਾਣ ਤੋੜਿਆ ਕੋਡਿਆਂ ਰਾਖਸ਼ਾਂ ਦਾ,

ਰੀਠਿਆਂ ਤਾਈਂ ਵੀ ਮਿੱਠਾ ਬਣਾ ਦਿੱਤਾ

ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ,

ਊਚ ਨੀਚ ਦਾ ਭੇਦ ਮਿਟਾ ਦਿੱਤਾ

ਲਹੂ ਕੱਢ ਕੇ ਖੁਦੀ ਤਕਬਰੀ ਦਾ,

ਭਾਗੋ ਵਰਗਿਆਂ ਨੂੰ ਭਾਗ ਲਾ ਦਿੱਤਾ

ਅੱਖੜ ਹੋਏ "ਤੂਫਾਨ" ਵੀ ਮਸਤ ਹੋ ਗਏ,

ਤੇਰੇ ਵਿੱਚ ਸੀ ‘ਜਹੀ ਅਕਸੀਰ ਨਾਨਕ

ਜਿਹਨੇ ਸਾਰੇ ਸੰਸਾਰ ਨੂੰ ਮੋਹ ਲਿੱਤਾ,

ਉਹ ਸੀ ਨਾਨਕੀ ਦਾ ਪਿਆਰਾ ਵੀਰ ਨਾਨਕ

📝 ਸੋਧ ਲਈ ਭੇਜੋ