ਚੜ੍ਹਦੇ ਸੂਰਜ ਦਾ ਸੰਧੂਰੀ ਰੰਗ 

ਮਿੱਟੀ ਦੀ ਖ਼ਾਮੋਸ਼ੀ 'ਚ ਘੁਲ਼ ਗਿਆ 

ਧਰਤੀ ਅਤੇ ਅੰਬਰ ਦਾ ਗੰਧਰਵ ਹੋਇਆ !

ਟਿਕ ਟਿਕ ਟਿਕ 

ਸਮਾਂ ਤੁਰਿਆ,

ਸਿੱਪੀ ਨੀਂਦਰੋਂ ਜਾਗ ਪਈ-

ਉਸ ਦੇ ਰੂਪ ਦੇ ਘੁੰਗਰੂ ਛਣਕੇ

ਬੀਜ ਨੇ ਅੰਗੜਾਈ ਲਈ

ਉਸ ਦੀ ਧੁੰਨੀ ਹੇਠਾਂ ਹਲਚਲ ਹੋਈ-

ਉਸ ਨੇ ਸਿਲਾਈਆਂ ਚੁੱਕ ਲਈਆਂ 

ਤੇ ਕੋਈ ਗੀਤ ਬੁਨਣ ਲੱਗੀ! 

ਘੁਰੇ ਦਰ ਘੁਰੇ

ਉਸ ਨੇ ਨੌਂ ਸੁਫ਼ਨੇ ਬੁਣੇ!

ਦਸਵਾਂ ਸੁਫ਼ਨਾ 

ਉਸ ਨੂੰ ਜਦ ਆਇਆ 

ਝੋਲੀ ਵਿਚ ਇਕ ਮੋਤੀ ਥਿਆਇਆ

ਆਪਣੀ ਪੂਰੀ ਹਸਤੀ ਨਾਲ ਉਸਨੇ 

ਸਿਰਜਣਾ ਦਾ ਇਕ ਗੀਤ ਗਾਇਆ! 

ਲੋਰੀਆਂ ਗੁਣਗੁਣਾਉਂਦੀ ਉਸ ਦੀ ਹਰ ਰਾਤ

ਸੀਨੇ ਉਸ ਦੇ 'ਚੋਂ ਸਿੰਮਦਾ ਅੰਮ੍ਰਿਤ

ਪੂਰੇ ਚੰਨ ਨਾਲ ਭਰ ਜਾਂਦੀ ਉਸ ਦੀ ਪਰਾਤ!

ਵਿਸਮਾਦਿਤ ਹੋ ਉਹ ਸੁਫ਼ਨੇ ਨੂੰ ਤੱਕਦੀ 

ਸਾਰੀ ਕਾਇਨਾਤ ਉਸ ਦੀ ਝੋਲੀ 'ਚ 

ਖਿੜ ਖਿੜ ਹੱਸਦੀ !

ਜਦ ਤੱਕ 

ਚੜ੍ਹਦੇ ਸੂਰਜ ਦਾ ਸੰਧੂਰੀ ਰੰਗ 

ਮਿੱਟੀ ਦੀ ਖ਼ਾਮੋਸ਼ੀ 'ਚ ਘੁਲ਼ੇਗਾ  

ਬ੍ਰਹਿਮੰਡੀ ਊਰਜਾ 

ਕਿਣਕੇ 'ਚ ਸਿਮਟੇਗੀ 

ਸਿੱਪੀ ਦੇ ਗਰਭ 'ਚ ਜਾ ਉਤਰੇਗੀ 

ਮਾਂ ਸਿਲਾਈਆਂ ਚੁੱਕੇਗੀ

ਘੁਰੇ ਪਾਏਗੀ 

ਸੁਫ਼ਨੇ ਬੁਣੇਗੀ 

ਪੀੜਾ ਸਹੇਗੀ 

ਲੋਰੀਆਂ ਗਾਏਗੀ!

📝 ਸੋਧ ਲਈ ਭੇਜੋ