ਨਵ-ਰੁੱਤ ਦੀ ਟਕਸਾਲ

ਉੱਡਦੀਆਂ ਪੰਜ ਕੱਕਿਆਂ ਦੀ

ਓਟ ਹੇਠਾਂ ਸ਼ਿੱਦਤਾਂ

ਉੱਠੇ ਗੁਰੂ ਗੋਬਿੰਦ ਸਿੰਘ

ਜਿੱਥੋਂ ਦੀ ਤਾੜੀ ਮਾਰ ਕੇ

ਮਿੱਟੀ ਨੇ ਨਕਸ਼ਾ ਤੱਕਿਆ

ਲੋਹੇ ਦੀ ਨੰਗੀ ਧਾਰ ਦਾ

ਬਦੀਆਂ ਦੇ ਖੇਮੇ ਪੁੱਟ ਕੇ

ਅਣਖਾਂ ਦੇ ਚਿੱਲੇ ਚਾੜ੍ਹ ਕੇ

ਬਾਜ਼ਾਂ ਦੇ ਭੂਸਲ ਖੰਭ ਤੋਂ

ਝੜਦੇ ਨੇ ਓਥੇ ਫ਼ਲਸਫ਼ੇ

ਤੇ ਬਹਿੰਦੀਆਂ ਨੇ ਕੋਰੀਆਂ

ਰੁੱਤਾਂ ਪਲਾਥੀ ਮਾਰ ਕੇ

ਤਰਦੀਆਂ ਨੇ ਜਾਮਣੀ ਚੁੱਪਾਂ

ਹਵਾ ਦੀ ਕਾਂਗ 'ਤੇ

ਰੋਹੀ ਦੇ ਰਾਗੀ ਬਾਵਰੇ

ਝੂੰਮਣ ਸੁਰਾਂ ਦੀ ਤਾਰ 'ਤੇ

ਜਦ ਵੀ ਹੈ ਆਉਣਾ ਬੱਕੀਆਂ ਨੇ

ਸੀਸ ਲੈ ਕੇ ਬਾਪ ਦਾ

ਕਾਲ਼ੇ ਸਿਆਹ ਪੈਂਡਿਆਂ ਨੂੰ

ਚਾਨਣਾਂ ਵਿੱਚ ਰੰਗਣਾ

ਰੇਤਾ ਵੀ ਭਰ ਕੇ ਚੁੰਗੀਆਂ

ਪੌਣਾਂ ਦੇ ਉੱਤੇ ਬਹਿ ਗਿਆ

ਤੇ ਆਖਦੈ ਕਿ ਸਤਿਗੁਰਾਂ ਨੇ

ਅੱਜ ਵਣਾਂ 'ਚੋਂ ਲੰਘਣਾ

ਜਦ ਪੀਂਦੀਆਂ ਤਾਂ ਅੱਕ ਦੇ

ਡੋਡੇ ਦਾ ਰਸ ਹੀ ਪੀਂਦੀਆਂ

ਜਦ ਲਾਉਂਦੀਆਂ ਸਿਰਹਾਣਾ

ਏਹੇ ਟਿੰਡ ਦਾ ਹੀ ਲਾਉਂਦੀਆਂ

ਰਾਤਾਂ ਨੇ ਹੱਦੋਂ ਠੰਢੀਆਂ

ਪੈਰਾਂ 'ਚ ਸੂਲਾਂ ਪੁੜਦੀਆਂ

ਮਾਛੀਵਾੜੇ ਦਿਆਂ ਜੰਗਲਾਂ ਵਿਚ

ਖ਼ਾਲਸਾਈ ਮਸਤੀਆਂ

ਨਿਰਵੈਰ ਹੈ, ਸ਼ਾਹਕਾਰ ਹੈ

ਤੀਰਾਂ ਦਾ ਉਹ ਆਕਾਰ ਜੋ

ਕੇਵਲ ਵਿਨਾਸ਼ਕ ਹੀ ਨਹੀਂ

ਨਵ-ਰੁੱਤ ਦੀ ਟਕਸਾਲ ਹੈ

ਕਲਮ-ਏ-ਦਸਮ ਦੀ ਨੋਕ 'ਚੋਂ

ਸੁਰਖ਼ੀ ਜੋ ਖਿੰਡ ਗਈ ਬੇਲੀਓ

ਇਹ ਵਗ ਰਹੇ ਪਾਣੀ ਉਹਨਾਂ ਹੀ

ਕਿਣਕਿਆਂ ਦੀ ਝਾਲ਼ ਹੈ

ਡੂੰਘੀ ਧਰਤ ਦੀ 'ਵਾਜ਼ ਨੂੰ

ਸੁਣਨਾ ਹੀ ਸਿੱਖੀ ਧਰਮ ਹੈ

ਚਾਰੇ ਦਿਸ਼ਾਵਾਂ ਜੁੜਦੀਆਂ

ਉਹੀ ਗੁਰੂ ਦਾ ਦੁਆਰ ਹੈ

ਪਾਣੀ ਦੇ ਕੱਚ 'ਤੇ ਉੱਸਰੇ

ਧੁੱਪਾਂ ਦੇ ਬੁੱਤ ਹੀ ਤਖ਼ਤ ਨੇ

ਸੂਰਜ ਦਾ ਚਾਨਣ ਹੱਦ ਹੈ

ਕੁੱਲ ਜਗਤ ਹੀ ਪਰਿਵਾਰ ਹੈ

ਇਹ ਕਿਸ ਦਾ ਜੁੱਸਾ ਲਿਸ਼ਕਦੈ

ਸਾਡੇ ਵਿਹੜਿਆਂ ਦੀ ਧੁੱਪ 'ਚੋਂ

ਇਹ ਕਿਸ ਦਾ ਚੋਲ਼ਾ ਬਣ ਗਿਆ

ਸਾਡੇ ਸਿਰ ਉੱਤੇ ਅਸਮਾਨ ਬਈ

ਉਹ ਕੌਣ ਸੀ ਜਿਸ ਦੇ ਮਗਰ

ਤੁਰ ਪਏ ਸੀ ਪੈੜਾਂ ਪੂਜਦੇ

ਕਲਗੀ, ਨਗਾਰਾ, ਚਾਨਣੀ

ਝੰਡੇ, ਤਖ਼ਤ, ਕਿਰਪਾਨ ਬਈ ?

ਗੋਬਿੰਦ ਹੀ ਹੈ ਸਾਡਿਆਂ

ਆਜ਼ਾਦ ਸਾਹਾਂ ਦੀ ਲੜੀ

ਗੋਬਿੰਦ ਹੀ ਸਾਡੀ ਜ਼ੁਬਾਂ ਦਾ

ਸਭ ਤੋਂ ਉੱਚਾ ਵਾਕ ਹੈ

ਗੋਬਿੰਦ ਹੀ ਸੁੱਕਾ, ਸਖ਼ਤ

ਗੋਬਿੰਦ ਹੀ ਤਰ, ਮਖ਼ਮਲੀ

ਗੋਬਿੰਦ ਅੱਕ, ਸੰਦਲ, ਹਵਾ

ਠੂਠਾ, ਸਿੰਘਾਸਣ, ਖ਼ਾਕ ਹੈ

📝 ਸੋਧ ਲਈ ਭੇਜੋ