ਨਵੇਂ ਮਿੱਤਰ ਮਿਲਾ ਦੇਵੇ

ਨਵੇਂ ਮਿੱਤਰ ਮਿਲਾ ਦੇਵੇ, ਮਿਰੀ ਤਕਦੀਰ ਮੈਨੂੰ

ਨਿਭਾ ਜਾਵਣ ਕਈ, ਪਰ ਕੁੱਝ, ਲਗਣ ਰਾਹਗੀਰ ਮੈਨੂੰ

ਕਿਸੇ ਚੱਕਰਵਿਊ ਵਿੱਚ, ਗਿਆ, ਮਹਿਸੂਸ ਕਰਦਾਂ

ਜ਼ਮਾਨੇ ਦੀ, ਬਦਲ ਚੁੱਕੀ, ਲਗੇ ਤਾਸੀਰ ਮੈਨੂੰ

ਕਿਸੇ ਸੱਯਾਦ ਤਾਂ, ਕਤਰੇ ਨਹੀਂ ਹਨ, ਖੰਭ ਮੇਰੇ !

ਕਿ ਪੈਰਾਂ ਵਿੱਚ, ਪਈ ਮੇਰੇ, ਲਗੇ ਜ਼ੰਜੀਰ ਮੈਨੂੰ

ਭਟਕਦਾ, ਫਿਰ ਰਿਹਾ ਹਾਂ, ਆਪਣੇ ਹੀ, ਸ਼ਹਿਰ ਦੇ ਵਿੱਚ

ਕਿ ਆਪਣੇ ਘਰ, ਦੀ ਹੀ ਭੁੱਲੀ, ਲਗੇ ਤਾਮੀਰ ਮੈਨੂੰ

ਮੈਂ ਫਲਿਆ ਫੁੱਲਿਆ ਏਥੇ, ਇਹ ਮੇਰਾ ਘਰ ਗਰਾਂ ਹੈ

ਮਗਰ ਹੁਣ ਤਾਂ, ਬਦਲ ਚੁੱਕੀ, ਲਗੀ ਤਸਵੀਰ ਮੈਨੂੰ

ਵਫ਼ਾਦਾਰੀ ਨਿਭਾਉਂਦੇ, ਓਸ ਨੂੰ, 'ਉੱਪਲ' ਕਿਹਾ ਮੈਂ

ਤੇਰੀ ਯਾਰੀ ਹੀ, ਕਰ ਗਈ ਯਾਰ,ਲੀਰੋ ਲੀਰ ਮੈਨੂੰ

📝 ਸੋਧ ਲਈ ਭੇਜੋ