ਨਵੇਂ ਅਹਿਦ ਨਾਮੇ

ਮੈਂ ਚਾਨਣ ਦਾ ਆਸ਼ਕ, ਜੱਗ ਤੋਂ ਨੇਰ੍ਹ ਮਿਟਾਉਂਦਾ ਹਾਂ

ਹੋਣੀਆਂ ਅੰਦਰੋਂ ਹਾਨਣ ਲਭ ਕੇ, ਮੈਂ ਪ੍ਰਨਾਉਂਦਾ ਹਾਂ

ਜਦ ਹੱਕਾਂ ਦੀ ਲਹਿਰ ਮੇਰੇ ਢਾਰੇ ਤੱਕ ਆਉਂਦੀ ਏ,

ਉਸ ਦੇ ਲਿਸ਼ਕਾਰੇ ਵਿਚ ਚੰਨ ਦੀ, ਚਮਕ ਰਲਾਉਂਦਾ ਹਾਂ

ਜਦ ਮਜ਼ਦੂਰ ਨੂੰ ਲੂੰਹਦੀ ਹੈ ਧੁੱਪ ਖਲਵਾੜੇ ਦੀ,

ਮੈਂ ਤਲਵਾਰਾਂ ਦੀ ਛਤਰੀ ਦਾ ਚਵਰ ਝੁਲਾਉਂਦਾ ਹਾਂ

ਜਦ ਰੋਟੀ ਤੋਂ ਸਖਣੀ ਸੌਂਦੀ ਮਮਤਾ 'ਪਿਆਰ' ਦੀ,

ਉਸ ਦੀ ਨੀਂਦਰ 'ਤੇ ਸੂਰਜ ਦਾ ਪਹਿਰਾ ਲਾਉਂਦਾ ਹਾਂ

ਸੀਂਢਲ ਜੇਈ ਬਚੀ ਦੇ ਢਿਡ ਵਿਚ ਜਦ ਸੰਗੀਨ ਚੁਭੇ,

ਮੈਂ ਢੱਕੀਆਂ ਦੀ ਓਟ 'ਚ ਬਹਿ ਕੇ ਤੀਰ ਚਲਾਉਂਦਾ ਹਾਂ

ਜਦ 'ਸ਼ਾਹਾਂ' ਦੀ ਨੀਤ ਦਾ ਕੋਰਾ, ਫ਼ਸਲਾਂ ਤੇ ਪੈਂਦਾ,

ਬੱਲੀਆਂ ਨੂੰ ਘੁੱਟ ਕੇ ਮੈਂ ਹਿੱਕ ਦੀ ਧੁੱਪ ਸੁਕਾਉਂਦਾ ਹਾਂ

ਜਿਸ ਦਿਨ ਮੈਂ ਸੂਰਜ ਦੇ ਸੰਗ ਪੱਗ ਵਟਾਈ ਏ,

ਧਰਤੀ ਦੇ ਮਥੜੇ 'ਤੇ ਜਿੱਤ ਦਾ ਤਿਲਕ ਲਗਾਉਂਦਾ ਹਾਂ

ਜਦ ਮੇਰੇ ਚਾਨਣ 'ਤੇ ਹੋਵੇ ਤੇਜ਼ ਘਟਾਵਾਂ ਦਾ,

ਮੈਂ ਜੁਗਨੂੰ ਚਾਨਣ ਤੋਂ ਖੰਭ ਦਾ ਘੁੰਡ ਉਠਾਉਂਦਾ ਹਾਂ

📝 ਸੋਧ ਲਈ ਭੇਜੋ