ਨਵੇਂ ਹੱਥਾਂ ਪੁਰਾਣੇ

ਨਵੇਂ ਹੱਥਾਂ ਪੁਰਾਣੇ ਬੋਲ ਮੁੜ ਕੇ ਚੁਕ ਲਏ ਨੇ 

ਪੁਰਾਣੇ ਬੋਲ ਜੋ ਵਾਫਰ ਸਮਝ ਕੇ ਤੂੰ ਬੁਹਾਰੇ ਸੀ 

ਬਹੁਤ ਵਿਲਕੇ ਵਿਚਾਰੇ ਸੀ

ਜਿਵੇਂ ਨਵ-ਮਰਨ ਦੇ ਸਾਹਵੇਂ ਪੁਰਾਣਾ ਜਨਮ ਕੁਰਲਾਏ 

ਨਵੀਂ ਮਮਤਾ ਪੁਰਾਣੇ ਬਿਰਧ ਨੂੰ-

ਬਾਲਕ ਸਮਝ ਗਲ ਲਾ ਲਿਆ ਹੈ

ਨਵਾਂ ਕੁਝ ਕੁਝ ਪੁਰਾਣਾ ਹੋ ਗਿਆ ਹੈ 

ਅਸਾਡੇ ਇਸ਼ਕ ਦਾ ਸ਼ਾਇਦ ਜ਼ਮਾਨਾ ਗਿਆ ਹੈ

ਨਵੇਂ ਬੁੱਲ੍ਹਾਂ ਦੇ ਬੰਜਰ ਗੋਰੀਏ ਨੰਗੇ ਮੁਨੰਗੇ ਸੀ 

ਬਹੁਤ ਵਾਰੀ ਪੁਰਾਣੀ ਲੋਚ ਮੇਰੇ ਮਨ 'ਚ ਲਹਿਰਾਈ 

ਤੇਰੇ ਨੰਗੇਜ ਤੇ ਚੁੰਮਣ ਦਾ ਇਕ ਕੱਜਣ ਵਿਛਾ ਦੇਵਾਂ

ਤੇਰੇ ਬੰਜਰ ਤੇ ਹਰਿਆਵਲ ਜਿਹਾ ਬੇਅਰਥ ਉੱਗ ਜਾਵਾਂ 

ਪੁਰਾਣੀ ਸੋਚ ਸੀ

ਸੁਲਗੀ, ਸ਼ਰਮ ਕੇ ਬੁਝ ਗਈ ਓੜਕ 

ਤੇਰੇ ਬੰਜਰ ਤੇ

ਅਜ ਪਤਝੜ-ਬਨਸਪਤ ਕਿਸ ਵਿਛਾਈ ਏ 

ਤੇਰੇ ਬੁੱਲ੍ਹਾਂ ਨੇ ਇਕ ਬੁੱਝਿਆ ਹੋਇਆ 

ਚੁੰਮਣ ਕਿਤੋਂ ਅਪਨਾ ਲਿਆ ਹੈ

ਨਵਾਂ ਕੁਝ ਕੁਝ ਪੁਰਾਣਾ ਹੋ ਗਿਆ ਹੈ

ਅਸਾਡੇ ਇਸ਼ਕ ਦਾ ਸ਼ਾਇਦ ਜ਼ਮਾਨਾ ਗਿਆ ਹੈ

ਸਦਾ ਹੀ ਇਸ਼ਕ ਦਾ ਮੌਸਮ ਨਵਾਂ ਵੀ ਪੁਰਾਣਾ ਵੀ

ਮੇਰੇ ਘਰ ਗੀਤ ਜਦ ਆਇਆ

ਮੈਨੂੰ ਲੱਗਾ

ਭਵਿਖ ਤੋਂ ਪੈਰ ਉਲਟੇ

ਰੂਪ ਮੇਰੇ ਕੋਲ ਕੇ ਬਹਿ ਗਿਆ ਹੈ

ਸਮੇਂ ਬਾਹਰੋਂ ਕਿਸੇ ਮੈਨੂੰ ਜਿਵੇਂ ਆਵਾਜ਼ ਦਿਤੀ ਹੈ 

ਸਮੇਂ ਦੀ ਲੀਕ ਲਚਕੀਲੀ ਕਿਸੇ ਤੋੜੀ-ਮਰੋੜੀ ਹੈ 

ਉਮਰ ਹੀ ਥਾਂ ਮੇਰੀ ਮਿੱਟੀ 'ਚ ਜੀਕਣ ਜ਼ਿੰਦਗੀ ਤੜਪੀ 

ਨਵੇਂ ਅਸ਼ਨਾਨ ਵਿਚ ਕਲ੍ਹ ਦਾ ਪਸੀਨਾ 

ਅਜ ਸੁਲਗਦਾ ਹੈ

ਕਿ ਅਜ ਅਭਿਮਾਨ ਨੇ ਕਲ੍ਹ ਦੇ ਸਿਰੋਂ 

ਅਪਮਾਨ ਆਪੇ ਲਾਹ ਲਿਆ ਹੈ 

ਨਵਾਂ ਕੁਝ ਕੁਝ ਪੁਰਾਣਾ ਹੋ ਗਿਆ ਹੈ 

ਅਸਾਡੇ ਇਸ਼ਕ ਦਾ ਸ਼ਾਇਦ ਜ਼ਮਾਨਾ ਗਿਆ ਹੈ

📝 ਸੋਧ ਲਈ ਭੇਜੋ