ਨਵੀਂ ਇਹ ਰੀਤ ਨਾ ਚੱਲੀ

ਨਵੀਂ ਇਹ ਰੀਤ ਨਾ ਚੱਲੀ ਵੇ ਲੋਕੋ ਇਸ ਜ਼ਮਾਨੇ ‘ਤੇ। 

ਸ਼ਿਕਾਰੀ ਰੱਖਦੇ ਆਏ ਨੇ ਚਿੜੀਆਂ ਨੂੰ ਨਿਸ਼ਾਨੇ ‘ਤੇ। 

ਤੁਸੀਂ ਕਾਵਾਂ ਦੇ ਵਾਂਗੂੰ ਲੜਨ ਜੋਗੇ ਰਹਿ ਗਏ ਲੋਕੋ ,

ਉਹ ਸਿਆਣੇ ਸੱਪ ਕੁੰਡਲੀ ਮਾਰ ਕੇ ਬਹਿਗੇ ਖ਼ਜ਼ਾਨੇ ‘ਤੇ। 

ਤੁਹਾਨੂੰ ਧਰਮ ਤੋਂ ਕੁਰਬਾਨ ਹੋਣਾ ਦੱਸਦੇ ਨੇ ਜੋ,

ਉਹਨਾਂ ਨੇ ਰੱਖਿਆ ਇਖ਼ਲਾਕ ਨੂੰ ਆਪਣੇ ਨਿਸ਼ਾਨੇ ‘ਤੇ। 

ਪੜ੍ਹਾਉਂਦੀ ਨਾ ਸਿਆਸਤ ਜੇ ਤੁਹਾਨੂੰ ਪਾਠ ਨਫ਼ਰਤ ਦਾ,

ਤੁਸੀਂ ਵੀ ਨੱਚਦੇ ਹੁੰਦੇ ਮੁਹੱਬਤ ਦੇ ਤਰਾਨੇ ‘ਤੇ। 

ਤੂੰ ਜਿੰਨਾਂ ਤੋਂ ਸੁਨਹਿਰੀ ਸੁਪਨਿਆਂ ਦੀ ਆਸ ਰੱਖਦਾ ਹੈਂ,

ਫਲੂਹੇ ਸੁੱਟ ਨਾ ਜਾਵਣ ਉਹ ਤੇਰੇ ਆਸ਼ਿਆਨੇ ‘ਤੇ। 

ਤੇਰੇ  ਹਰਫ਼ਾਂ ਦੀਆਂ ਦੋ ਚਾਰ ਕਣੀਆਂ ਹੀ ਨਹੀਂ ਕਾਫ਼ੀ,

ਲਹੂ ਹੀ ਕਾਰਗਰ ਹੋਵੇਗਾ ਹੁਣ ਤਾਂ ਇਸ ਵੀਰਾਨੇ ‘ਤੇ। 

📝 ਸੋਧ ਲਈ ਭੇਜੋ