ਜਾਗੀ ਨਵੀਂ ਸਵੇਰ, ਬੇਲੀਓ !

ਜਾਗੀ ਨਵੀਂ ਸਵੇਰ

ਕਿਰਨਾਂ ਉੱਗੀਆਂ ਨੂਰ ਪਸਰਿਆ, ਹੋਇਆ ਦੂਰ ਹਨੇਰ

ਜਾਗੀ ਨਵੀਂ ਸਵੇਰ

ਸਾਡੇ ਘਰ ਦੀਵਾਲੀ ਆਈ, ਬੀਤ ਗਿਆ ਬਨਵਾਸ

ਸਾਡਾ ਖ਼ੂਨ ਤੇ ਸਾਡੀ ਮਿਹਨਤ ਗਏ ਸਾਨੂੰ ਰਾਸ

ਕਾਮੇ ਦੇ ਸਿਰ ਸਿਹਰਾ ਬੱਝਾ

ਸੋਚੀਂ ਪਿਆ ਕੁਬੇਰ, ਬੇਲੀਓ

ਜਾਗੀ ਨਵੀਂ ਸਵੇਰ

ਨਵੀਂ ਵੰਝਲੀ ਨਵੇਂ ਤਰਾਨੇ, ਛਿੜ ਗਏ ਨੇ ਨਵ-ਰਾਗ

ਸਦੀਆਂ ਝੱਲੀ ਅਸਾਂ ਗੁਲਾਮੀ, ਹੁਣ ਮਿਲਿਆ ਸਵਰਾਜ

ਅੱਜ ਸਾਡੀ ਇਸ ਸੋਨ-ਚਿੜੀ ਦੇ

ਫੁੱਟ ਪਏ ਨੇ ਪਰ ਫੇਰ, ਬੇਲੀਓ

ਜਾਗੀ ਨਵੀਂ ਸਵੇਰ

ਨ੍ਹੇਰੇ ਦੇ ਸੰਗ ਘੁਲਦੇ ਹੋ ਗਏ ਲੱਖਾਂ ਚੰਨ ਸ਼ਹੀਦ

ਲਹੂਆਂ ਦੇ ਸੰਗ ਨ੍ਹਾ ਕੇ ਆਈ, ਚੰਨਾਂ ਵਾਲੀ ਈਦ

ਜੁਗਾਂ ਜੁਗਾਂ ਤਕ ਅਮਰ ਰਹਿਣਗੇ

ਉਹ ਭਾਰਤ ਦੇ ਸ਼ੇਰ, ਬੇਲੀਓ

ਜਾਗੀ ਨਵੀਂ ਸਵੇਰ

ਕਿਰਨਾਂ ਉੱਗੀਆਂ ਨੂਰ ਪਸਰਿਆ, ਹੋਇਆ ਦੂਰ ਹਨੇਰ

ਬੇਲੀਓ, ਜਾਗੀ ਨਵੀਂ ਸਵੇਰ

📝 ਸੋਧ ਲਈ ਭੇਜੋ