ਭੂਤ ਦੇ ਕਾਲੇ ਸ਼ਾਂਤ ਜਹੇ ਸਾਗਰ ਵਿਚ 

ਡੁੱਬ ਗਿਆ ਹੈ ਹੋਰ ਸਾਲ ਇਕ

ਤੇ ਅਜ ਸਜਰਾ ਸਾਲ ਹੈ ਚੜ੍ਹਿਆ। 

ਮੈਂ ਨਹੀਂ ਕਿਸੇ ਨੂੰ

ਸ਼ੁਭ ਇੱਛਾਵਾਂ ਦਾ ਖ਼ਤ ਲਿਖਿਆ 

ਨਾ ਆਪਣੇ ਲਈ

ਕੋਈ ਸਜਰਾ ਸੁਪਨਾ ਘੜਿਆ। 

ਕਲ੍ਹ ਮੇਰੇ ਦਿਲ ਵਿਚ ਜੋ ਗ਼ਮ ਸੀ 

ਅਜ ਵੀ ਦਿਲ ਵਿਚ ਓਹੀ ਗ਼ਮ ਹੈ 

ਅਜ ਵੀ ਰੂਹ ਤੇ ਕੱਕਰ ਪੈਣਾ 

ਅਜ ਵੀ ਓਵੇਂ ਮਗਜ਼ 'ਚ ਤਮ ਹੈ 

ਅਜ ਅਖ਼ਬਾਰ ਮੈਂ ਉਤਸੁਕ ਹੋ ਕੇ 

ਕਲ੍ਹ ਨਾਲੋਂ ਗੌਹ ਨਾਲ ਪੜ੍ਹੀ ਹੈ 

ਮੰਨਿਆ ਜੱਗ ਵਿਚ ਹਰਕਤ ਹੋ ਰਹੀ

ਹਰ ਪਾਸੇ ਭੱਜ ਦੌੜ ਬੜੀ ਹੈ।

ਪਰ ਮੈਨੂੰ ਤਾਂ ਇਉਂ ਜਾਪਦਾ

ਹਾਲੀ ਦੁਨੀਆਂ ਵਿਊ-ਚੱਕਰ ਦੇ ਵਿਚ ਵੜੀ ਹੈ।

ਤਾਹੀਓਂ,

ਭਾਵੇਂ ਸਜਰਾ ਸਾਲ ਹੈ ਚੜ੍ਹਿਆ

ਮੈਂ ਨਹੀਂ ਕਿਸੇ ਨੂੰ ਸ਼ੁਭ ਇੱਛਾਵਾਂ ਦਾ ਖ਼ਤ ਲਿਖਿਆ 

ਨਾ ਆਪਣੇ ਲਈ

ਕੋਈ ਸਜਰਾ ਸੁਪਨਾ ਘੜਿਆ।

📝 ਸੋਧ ਲਈ ਭੇਜੋ