ਸੰਗਮਰਮਰ ’ਤੇ ਉੱਕਰੇ ਅੱਖਰ ਝੂਠ ਬੋਲਦੇ
ਪਹਿਲਾ ਟੱਕ ਮਜ਼ਦੂਰ ਦੇ ਅੱਟਿਕਾਣੇ ਹੱਥਾਂ ਨੇ ਲਾਇਆ
ਹੱਥ ਜਿਹਨਾਂ ਦੇ ਕਿਸਮਤ ਵਾਲੀਆਂ ਲੀਕਾਂ
ਕੁਝ ਘਸ ਗਈਆਂ
ਕੁਝ ਬਿਆਈਆਂ ਵਿਚ ਗੁੰਮ ਹੋਈਆਂ
ਸਭ ਤੋਂ ਪਹਿਲਾਂ
ਓਸ ਦੀ ਘਰ ਵਾਲੀ ਨੇ ਇੱਟਾਂ ਢੋਈਆਂ
ਮੂੰਹ ਤੇ ਘੁੰਡ, ਇੰਝਾਂਣਾ ਪਿਠ 'ਤੇ
ਢਿੱਡ ਵਿਚ ਭੁੱਖ, ਟੋਕਰੀ ਸਿਰ ਤੇ।
ਕੰਧਾਂ ਸਿਰ ਤਕ ਆ ਚੁੱਕੀਆਂ ਸਨ
ਜਿਸ ਦਿਨ ਮਹਾਂਪੁਰਸ਼ ਨੇਤਾ ਨੇ
ਢਿਡਲ ਠੇਕੇਦਾਰਾਂ
ਹਿੱਸੇਦਾਰ ਅਫ਼ਸਰਾਂ
ਤੇ ਆਪਣੇ ਸ਼ਰਧਾਵਾਨਾਂ ਦੀ ਭੀੜ ਸਜਾ ਕੇ
ਗਲ ਫੁੱਲਾਂ ਦੇ ਹਾਰ ਪੁਆ ਕੇ
ਸਿੱਕੇ ਸੰਗ ਉੱਕਰੇ ਹੋਏ ਸੰਗਮਰਮਰ ਨੂੰ
ਆਪਣੇ ਕੋਮਲ ਕਰ ਕਮਲਾਂ ਦੀ ਛੁਹ ਬਖਸ਼ੀ ਸੀ
ਸ਼ਰਧਾਵਾਨ
ਮਹਿਮਾ ਵਜੋਂ ਤਾੜੀਆਂ ਲਾਈਆਂ
ਫੁੱਲ-ਪੱਤੀਆਂ ਬਰਸਾਈਆਂ
ਇਸ ਨੀਂਹ-ਪੱਥਰ ਦੀ ਅਸਲੀਅਤ
ਹੱਥਾਂ ਦੇ ਅੱਟਣਾਂ ਤੋਂ ਪੁੱਛੋ
ਸੰਗਮਰਮਰ ’ਤੇ ਉੱਕਰੇ ਅੱਖਰ ਝੂਠ ਬੋਲਦੇ।