ਇਹਨਾਂ ਧੁੱਪ ਐਨਕਾਂ ਵਿਚ ਦੀ,

ਇਸ ਜੀਵਨ ਨੂੰ,

ਤੂੰ ਵੇਖਣ ਦੀ ਆਦੀ ਹੋਈ

ਠੀਕ ਹੈ ਇਹਨਾਂ ਸ਼ੀਸ਼ਿਆਂ ਵਿਚ ਦੀ,

ਇਸ ਜੀਵਨ ਦੇ ਕੋਝੇ ਕੋਝੇ,

ਕਾਲੇ ਕਾਲੇ ਦ੍ਰਿਸ਼ ਚੁਫੇਰੇ,

ਤੈਨੂੰ ਨੀਲੇ ਨੀਲੇ ਦਿਸਦੇ

ਪਰ ਤੈਨੂੰ ਮੈਂ ਇਕ ਗੱਲ ਦੱਸਾਂ,

ਇਹਨਾਂ ਨੀਲੇ ਰੰਗਾਂ ਤੋਂ ਵੱਖਰੇ ਵੀ,

ਇਸ ਜੀਵਨ ਵਿਚ ਰੰਗ ਅਨੇਕਾਂ

ਤੇਰੀਆਂ ਧੁੱਪ ਐਨਕਾਂ ਤੱਕ ਕੇ,

ਤੇਰੇ ਉਤੇ

ਮੈਨੂੰ ਬੜਾ ਤਰਸ ਹੈ ਆਉਂਦਾ

ਤੇਰੀ ਹਾਲਤ ਸਾਵਣ ਦੇ ਉਸ ਅੰਨ੍ਹੇ ਵਰਗੀ,

ਜਿਸ ਨੂੰ ਇਸ ਧਰਤੀ ਦੇ ਉਤੇ

ਹਰਿਆਵਲ ਹਰਿਆਵਲ ਦਿਸਦੀ

ਜੇ ਤੂੰ ਆਪਣੇ ਚਾਰ ਚੁਫੇਰੇ,

ਇਸ ਜੀਵਨ ਦਾ,

ਅਸਲੀ ਰੂਪ ਵੇਖਣਾ ਲੋਚੇਂ,

ਤਾਂ ਤੈਨੂੰ ਮੈਂ,

ਏਨਾ ਹੀ ਬਸ ਕਹਿ ਸਕਦਾ ਹਾਂ,

ਆਪਣੀਆਂ ਕਾਲੀਆਂ ਅੱਖਾਂ ਉਤੇ,

ਧੁੱਪ ਐਨਕਾਂ ਲਾਇਆ ਨਾ ਕਰ

ਵੰਨ-ਸਵੰਨੇ, ਇਸ ਜੀਵਨ ਦੇ,

ਰੰਗ ਵੇਖਣ ਤੋਂ

ਡਰਿਆ ਤੇ ਘਬਰਾਇਆ ਨਾ ਕਰ

📝 ਸੋਧ ਲਈ ਭੇਜੋ