ਨੀਂਦ ਮੇਰੀ ਅਧਵਾਟਿਓਂ ਟੁੱਟੀ
ਤਾਰਿਆਂ ਦੀ ਨਿੰਮ੍ਹੀ ਨਿੰਮ੍ਹੀ ਛਾਂ ;
ਜੀਕਣ ਪ੍ਰੀਤ ਦੁਚਿੱਤੀਆਂ ਦੀ ਮਾਰੀ
ਸੱਜਣਾਂ ਦੀ ਹਾਂ ਨਾ ਨਾਂਹ।
ਨੀਂਦ ਦੀ ਕਾਲੀ ਭੋਂ ਵਿਚ ਖਿੜਿਆ
ਸੁਫਨੇ ਦਾ ਮਘਦਾ ਫੁੱਲ
ਜਿੰਦ ਮੇਰੀ ਦੀ ਮੱਸਿਆ 'ਚ ਹੱਸ ਪਏ
ਸਰਘੀ ਦੇ ਸੂਹੇ ਬੁੱਲ੍ਹ
ਹਿਕੜੀ ਚੋਂ ਡੁਲ੍ਹ ਡੁੱਲ੍ਹ ਪੈਣ ਸੁਗੰਧਾਂ
ਰੋਕਿਆਂ ਨ ਰੋਕ ਸਕਾਂ ।
ਸੁਫਨੇ ਦੇ ਟਾਹਣੋਂ, ਜਿੰਦ ਦਾ ਪੱਤਾ
ਟੁਟ ਕੇ ਪਿਆ ਜ਼ਮੀਨ
ਧਰਤੀ 'ਚ ਲਿਸ਼ਕਾਂ ਦੇ ਨਿੱਕੇ ਨਿੱਕੇ ਕਿਣਕੇ
ਨ੍ਹੇਰਿਆਂ ਦੇ ਰੋੜ ਮਹੀਨ
ਨੈਣ ਉਮਰ ਦੇ ਓੜਕ ਛਿੱਜੇ
ਚੁਗ ਚੁਗ ਰੋੜ ਮਣਾਂ।
ਧਰਤੀ ਤੇ ਨ੍ਹੇਰੇ, ਨ੍ਹੇਰਿਆਂ 'ਚ ਅੱਖੀਆਂ
ਚਮਕਣ ਵਲ ਅਗਾਸ
ਅਰਸ਼ਾਂ ਤੇ ਨ੍ਹੇਰੇ, ਨ੍ਹੇਰਿਆਂ 'ਚ ਤਾਰੇ
ਹੰਝੂਆਂ ਵਾਂਙ ਉਦਾਸ
ਜਿਹੜੀ ਕੁੱਖੋਂ ਜੰਮਣਾ ਏ ਕਿਰਨਾਂ ਦਾ ਰਾਜਾ
ਉਹ ਕੁੱਖ ਕਿਹੜੀ ਥਾਂ ?
ਨੀਂਦ ਮੇਰੀ ਅਧਵਾਟਿਓਂ ਟੁੱਟੀ
ਤਾਰਿਆਂ ਦੀ ਨਿੰਮ੍ਹੀ ਨਿੰਮ੍ਹੀ ਛਾਂ;
ਜੀਕਣ ਪ੍ਰੀਤ ਦੁਚਿਤੀਆਂ ਦੀ ਮਾਰੀ
ਸੱਜਣਾਂ ਦੀ ਹਾਂ ਨਾ ਨਾਂਹ।