ਮਾਫ਼ ਕਰਨਾ

ਮੈਂ ਉਹ ਬਾਂਦਰ ਤਾਂ ਨਹੀਂ 

ਦਿਨ ਦਿਹਾੜੇ

ਜੋ ਤੁਸੀਂ ਚਾਹੋ ਬੁਰਾ ਕਰਦੇ ਰਹੋ 

ਮੈਂ ਨਾ ਤੱਕਾਂ

ਅੱਖੀਆਂ ਨੂੰ ਮੀਟ ਰੱਖਾਂ 

ਹਰ ਸਭਾ ਸੰਗਤ ਪਰ੍ਹੇ ਵਿਚ

ਜੀ 'ਚ ਆਵੇ ਕੂੜ ਮੰਦਾ ਜੋ ਤੁਸੀਂ ਬਕਦੇ ਰਹੋ 

ਸੁਨਣ ਤੋਂ ਵੀ ਆਪਣੇ ਕੰਨਾਂ ਨੂੰ ਡੱਕਾਂ

ਜੋ ਤੁਹਾਡੇ ਸੁਹਲ ਕੰਨੀਂ ਨਾ ਸੁਖਾਵੇ 

ਉਹ ਲਫ਼ਜ਼ ਆਖਣ ਤੋਂ ਝੱਕਾਂ

ਜਦ ਤੁਸੀਂ ਮਜਮਾ ਜਮਾਉ

ਮੈਂ ਤੁਹਾਡੀ ਡੁਗਡੁਗੀ ਤੇ ਬਾਂਸਰੀ ਦੇ ਤਾਲ ਉੱਤੇ

ਝਾਂਜਰਾਂ ਪੈਰੀਂ ਫਤੂਹੀ ਗਲ ਪਹਿਨ ਕੇ

ਤਾੜੀਆਂ ਦੇ ਸ਼ੋਰ ਵਿਚ ਨੱਚਿਆ ਕਰਾਂ

ਮਾਫ਼ ਕਰਨਾ

ਮੈਂ ਉਹ ਬਾਂਦਰ ਤਾਂ ਨਹੀਂ

ਜੋ ਬਦੀ ਤੋਂ ਇਸ ਤਰ੍ਹਾਂ ਬਚਿਆ ਕਰਾਂ 

ਮਾਫ਼ ਕਰਨਾ।

📝 ਸੋਧ ਲਈ ਭੇਜੋ