ਨੇਰ੍ਹਿਆਂ ਨੂੰ ਚੀਰਦੀ ਸ਼ਮਸ਼ੀਰ ਬਾਰੇ ਸੋਚਦਾ,
ਉੱਠ ਪਿਆ ਉਹ ਖਾਬ ਦੀ ਤਾਬੀਰ ਬਾਰੇ ਸੋਚਦਾ।
ਸੱਚ ਦਾ ਚਿਹਰਾ ਜਿਹਨਾਂ ਨੇ ਵੇਖਿਆ, ਪਥਰਾ ਗਏ,
ਖਿੜ ਗਿਆ ਉਹ ਇੱਕ ਨਦੀ ਦੇ ਨੀਰ ਬਾਰੇ ਸੋਚਦਾ।
ਦੁਜਿਆਂ ਦੇ ਪੈਰ ਵੱਢਣ ਵਿੱਚ ਹੀ ਸਭ ਮਸਰੂਫ ਸਨ,
ਕੌਣ ਤੇਰੇ ਪੈਰ ਦੀ ਜ਼ੰਜੀਰ ਬਾਰੇ ਸੋਚਦਾ।
ਅੱਗ ਵਿੱਚ ਲੂਹ ਕੇ ਫਨਾਹ ਕੀਤਾ ਗਿਆ ਉਸ ਫੁੱਲ ਨੂੰ,
ਕੁੱਝ ਦਿਨਾਂ ਤੋਂ ਸੀ ਬਹੁਤ ਕਸ਼ਮੀਰ ਬਾਰੇ ਸੋਚਦਾ।
ਸਾਵਿਆਂ ਪੱਤਿਆਂ 'ਤੇ ਸੀ ਜੋ ਖੂਨ ਸੰਗ ਉੱਕਰੀ ਹੋਈ,
ਕਾਸ਼ ! ਉਹ ਰੰਗਬਾਜ਼ ਉਸ ਤਹਿਰੀਰ ਬਾਰੇ ਸੋਚਦਾ।
ਇਸ ਕਦਰ ਪੇਚੀਦਾ ਨਾ ਹੁੰਦਾ ਜੇ ਮਸਲਾ ਤਖਤ ਦਾ,
ਸ਼ਾਇਦ ਰਾਜਾ ਮੁਲਕ ਦੀ ਤਾਮੀਰ ਬਾਰੇ ਸੋਚਦਾ।