ਨ੍ਹੇਰਿਆਂ ਵਿਚ ਟਿਮਟਿਮਾਈਏ ਦੋਸਤੋ,
ਅੱਖੀਆਂ ਦੀਵੇ ਬਣਾਈਏ ਦੋਸਤੋ।
ਨਾ ਸਹੀ ਜੇ ਦੋਸਤੀ ਨਿਭਦੀ ਨਹੀਂ,
ਦੁਸ਼ਮਣੀ ਵੀ ਨਾ ਕਮਾਈਏ ਦੋਸਤੋ।
ਪਾਲਤੂ ਚਿੜੀਆਂ ਤੋਂ ਕੁਝ ਤਾਂ ਸਿੱਖੀਏ,
ਪਿੰਜਰਿਆਂ ਵਿਚ ਚਹਿਚਹਾਈਏ ਦੋਸਤੋ।
ਸੱਚੀਆਂ ਗੱਲਾਂ ਦੇ ਖੰਭ ਕਤਰੇ ਗਏ,
ਆਉ ਅਫ਼ਵਾਹਾਂ ਉਡਾਈਏ ਦੋਸਤੋ।
ਘੁੱਪ ਹਨ੍ਹੇਰੇ ਵਿਚ ਟਟਹਿਣੇ ਢੂੰਡੀਏ,
ਦੇਵੀਆਂ ਦਿਉਤੇ ਧਿਆਈਏ ਦੋਸਤੋ।
ਵਿੱਛੜੇ ਹੋਏ ਹਾਂ ਆਪਣੇ ਆਪ ਤੋਂ,
ਕੀ ਕਿਸੇ ਨੂੰ ਮਿਲਣ ਜਾਈਏ ਦੋਸਤੋ।
ਦੇਖ ਕੇ ਸ਼ੀਸ਼ੇ 'ਚ ਆਪਣੇ ਆਪ ਨੂੰ,
ਆਪਣਾ ਚੇਤਾ ਕਰਾਈਏ ਦੋਸਤੋ।
ਸ਼ਗਨ ਦਾ ਉਤਸਵ ਹੈ ਜਾਣਾ ਹੈ ਜ਼ਰੂਰ,
ਨਿੰਮਾਂ ਨਿੰਮਾਂ ਮੁਸਕਰਾਈਏ ਦੋਸਤੋ।
ਉਸ ਦੇ ਕੌੜੇ ਪਾਣੀ ਦੀ ਲੱਜ ਪਾਲੀਏ,
ਡੋਲ ਜਾਈਏ ਡਗਮਗਾਈਏ ਦੋਸਤੋ।
ਰਾਤ ਠੰਢੀ ਸੀਤ ਠੱਕਾ ਕਹਿਰ ਦਾ,
ਅਗਨ ਅੰਗਾਂ ਵਿਚ ਮਘਾਈਏ ਦੋਸਤੋ।