ਨੀਂ ਗੇੜਿ ਗਿੜੰਦੀਏ

ਨੀਂ ਗੇੜਿ ਗਿੜੰਦੀਏ,

ਗੜੀਦਾ ਗਿੜਦਾ ਗੁੰਮਾ ।ਰਹਾਉ।

ਪੰਜਾਂ ਨੂੰ ਕਿਉਂ ਝੁਰਦਾ ਭੰਉਦੂ,

ਇਕਸੇ ਪਾਈਆਂ ਧੁੰਮਾ

ਜੋ ਫ਼ਲ ਮੀਠੇ ਚਿਣ ਚੁਣਿ ਖਾਧਿਓ,

ਆਹਿਓ ਕਉੜਾ ਤੁੰਮਾ ।1।

ਅਉਖੀ ਘਾਟੀ ਬਿਖੜਾ ਪੈਂਡਾ,

ਰਾਹਿ ਫ਼ਕੀਰਾਂ ਦਾ ਲੰਮਾ

ਸਾਰੀ ਉਮਰਿ ਵੰਞਾਈਆ ਈਂਵੈ,

ਕਰਿ ਕਰਿ ਕੂੜੇ ਕੰਮਾਂ ।2।

ਜਿਸੁ ਧਨੁ ਤੂੰ ਗਰਬ ਕਰੇਨੈਂ,

ਸੋ ਨਾਲਿ ਚਲਸਨ ਦੰਮਾਂ

ਲੱਖ਼ਾਂ ਤੇ ਕਰੋੜਾਂ ਵਾਲੇ,

ਸੇ ਪਉਸਣ ਵਸਿ ਜੰਮਾਂ 3।

ਆਉਂਦਿਆਂ ਥੋਂ ਸਦਿ ਬਲਿਹਾਰੀ,

ਜਾਉਂਦਿਆਂ ਥੋਂ ਘੁੰਮਾਂ

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਪੈਰ ਸਾਹਾਂ ਦੇ ਚੁੰਮਾਂ ।4।

📝 ਸੋਧ ਲਈ ਭੇਜੋ