ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ,
ਧੁਨ ਵਾਗੂੰ ਸੁਰੀਲੀ ਹੋ ਜਾਏ ਜਿੰਦਗੀ,
ਐਨਾ ਮਿੱਠਾ ਸੰਗੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!
ਸਾਥੀ ਤਾਂ ਬੜੇ ਨੇ ਪਰ ਰੂਹੋਂ ਸਾਡਾ ਇੱਕ ਵੀ ਨਹੀਂ,
ਕਿਸੇ ਦੇ ਸੀਨੇ ਚ ਸਾਡੇ ਲਈ ਖਿੱਚ ਜਿਹੀ ਨਹੀਂ,
ਜੋ ਸਦਾ ਨਾਲ ਰਵੇ ਜਿੰਦਗੀ ਦੇ ਰਾਹਾਂ ਤੇ,
ਐਸਾ ਕੋਈ ਮੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!
ਪਤਾ ਨਹੀਂ ਆਤਮਾ ਕਿਉਂ ਸਹਿਮੀ-ਸਹਿਮੀ ਰਹਿੰਦੀ ਏ,
ਖਾਬਾਂ ਦੀ ਰੰਗੀਨੀ ਆਖਰ ਸਫੈਦੀ ਬਣ ਬਹਿੰਦੀ ਏ,
ਤਪ ਰਹੀ ਏ ਜਿੰਦ ਹਾੜ ਦੇ ਮਹੀਨੇ ਵਾਗੂੰ,
ਪੋਹ ਵਾਲੀ ਠੰਡੀ ਸੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!
ਕਦਮ-ਕਦਮ ਤੇ ਦੁਨੀਆਂ ਚ ਮੁਹੱਬਤਾਂ ਦੀ ਗੱਲ ਹੋਵੇ,
ਸਭ ਦੇ ਦਿਲਾਂ ਚ ਭਰੀ ਨਫਰਤ ਦਾ ਕੋਈ ਹੱਲ ਹੋਵੇ,
ਸਿੱਧੂ' ਬਦਲ ਦੇਵਾਂ ਗੰਦੀ ਮਨੁੱਖਤਾ ਨੂੰ,
ਐਸਾ ਕੋਈ ਜਾਦੂਈ ਤਵੀਤ ਮੈਨੂੰ ਦੇਵੋ,
ਨੀਂ ਹਵਾਓ ਕੋਈ ਗੀਤ ਮੈਨੂੰ ਦੇਵੋ!