ਨੀ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ

ਉੱਡ ਵੇ ਕਾਵਾਂ ਜਾ ਬਹਿੰਦੈਂ ਕੋਟ ਪਠਾਣ ਦੇ। 

ਨੀ ਮੈ ਯਾਰ ਰੁਸਾ ਲਿਆ ਨੀ ਕੁੜੀਓ

ਆਖੇ ਲੱਗ ਜਹਾਨ ਦੇ। 

ਹੁਣ ਮੈ ਯਾਰ ਨੂੰ ਪਈ ਮਨਾਵਾਂ

ਨੀ ਸਈਓ ਵਰਕੇ ਪਲਟ ਕੁਰਾਨ ਦੇ। 

ਕੁਝ ਤਾਂ ਮੈਥੋਂ  ਹੋ ਗਈਆ ਵੇ ਢੋਲਿਆ

ਕੁਝ ਤੂੰਹੀਓਂ ਹੁਣ ਜਾਣ ਦੇ। 

ਨੀ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ

ਨੀ ਜਾਂਦਾ ਹੋਇਆ ਦੱਸ ਨਾ ਗਿਆ। 

ਕੀ ਕਰਾਂ ਕਿਸ ਪਾਸੇ ਜਾਵਾਂ? 

ਅੱਥਰਾ ਦਿਲ ਕੀਕਣ ਸਮਝਾਵਾਂ?

ਕੋਈ ਦੱਸੋ! ਅੜੀਓ ਨੀ

ਨੀ ਮੈ ਕੀਹਨੂੰ ਪੁੱਛਾਂ ਸਿਰਨਾਵਾਂ

ਨੀ ਜਾਂਦਾ ਹੋਇਆ ਦੱਸ ਨਾ ਗਿਆ। 

ਜੋ ਦੱਸੇ ਉਸ ਦਾ ਸਿਰਨਾਵਾਂ। 

ਉਹਨੂੰ ਰਿੰਨ੍ਹ ਕੇ ਖੀਰ ਖੁਆਵਾਂ। 

ਉਮਰ ਮੈਂ ਸਾਰੀ ਨੀ, 

ਉਹਦਾ ਨਾ ਅਹਿਸਾਨ ਭੁਲਾਵਾਂ 

ਨੀ ਜਾਂਦਾ ਹੋਇਆ ਦੱਸ ਨਾ ਗਿਆ। 

ਮੈਨੂੰ ਅੜੀਓ  ਕੁਝ ਨਹੀਂ ਸੁੱਝਦਾ। 

ਜਾਂਦਾ ਮੇਰਾ ਦਿਲ ਬੁੱਝਦਾ। 

ਕੋਈ ਕਰੋ ਵਸੀਲਾ ਨੀ, 

ਸੱਦ ਮਾਹੀ ਤੀਕ ਪੁਚਾਵਾਂ 

ਨੀ ਜਾਂਦਾ ਹੋਇਆ ਦੱਸ ਨਾ ਗਿਆ। 

ਲੈ ਵੇ ਕਾਵਾਂ ਤੂੰਹੀਓਂ  ਲੈ ਜਾ। 

ਉਹਦਾ ਸੁਖ ਸੁਨੇਹਾ ਲੈ ਆ। 

ਹਸਨਪੁਰੀ ਤੋਂ  ਚੋਰੀ ਵੇ, 

ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ 

ਨੀ ਜਾਂਦਾ ਹੋਇਆ ਦੱਸ ਨਾ ਗਿਆ, 

ਨੀ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ? 

📝 ਸੋਧ ਲਈ ਭੇਜੋ