ਨੀ ਤੈਨੂੰ ਰੱਬ ਨ ਭੁੱਲੀ

ਨੀ ਤੈਨੂੰ ਰੱਬ ਭੁੱਲੀ,

ਦੁਆਇ ਫ਼ਕੀਰਾਂ ਦੀ ਏਹਾ

ਰੱਬ ਭੁੱਲੀ ਹੋਰ ਸਭ ਭੁੱਲੀ,

ਰੱਬ ਭੁੱਲਨਿ ਜੇਹਾ ।ਰਹਾਉ।

ਆਇਆਂ ਕੁੜਮਾਂ ਨੂੰ ਕੁੱਟੇਂ ਮਲੀਦਾ,

ਫ਼ਕਰਾਂ ਨੂੰ ਟੁੱਕਰ ਬੇਹਾ ।1।

ਸੁਇਨਾ ਰੁਪਾ ਸਭੁ ਛਲ ਵੈਸੀ,

ਇਸ਼ਕ ਲਗਦਾ ਲੇਹਾ ।2।

ਹੋਰਨਾਂ ਨਾਲ ਹਸੰਦੀ ਖਿਡੰਦੀ,

ਤੈਨੂੰ ਸਹੁ ਨਾਲ ਘੁੰਘਟਿ ਕੇਹਾ ।3।

ਚਾਰੇ ਨੈਣ ਗਡਾ ਵਡ ਹੋਇ,

ਵਿਚ ਵਚੋਲਾ ਕੇਹਾ ।4।

ਇਸ਼ਕ ਚਉਬਾਰੇ ਪਾਈਓ ਝਾਤੀ,

ਹੁਣ ਤੈਨੂੰ ਗ਼ਮ ਕੇਹਾ ।5।

ਆਈਏ ਦੀ ਸਹੁੰ ਬਾਬਲੇ ਦੀ ਸਹੁੰ,

ਗਲ ਚੰਗੇਰੜੀ ਏਹਾ ।6।

ਜਿਸ ਜੋਬਨ ਦਾ ਤੂੰ ਮਾਣ ਕਰੇਂਦੀ,

ਸੋ ਜਲਿ ਬਲਿ ਥੀਸੀ ਖੇਹਾ ।7।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਮਰਣਾ ਤਾਂ ਮਾਣਾ ਕੇਹਾ ।8।

📝 ਸੋਧ ਲਈ ਭੇਜੋ