(ਅਧਿਆਪਕ ਦੇ ਨਾਂ)

ਕਿੰਨ੍ਹੀਆਂ ਬੁਰਕੀਆਂ ਬੋਚ ਲੈ

ਰੋਟੀ ਇੱਕ ਬਣਨੀ ਨਹੀਂ

ਕਿ ਛੱਡਣੀ ਹੀ ਪਵੇਗੀ

ਦੋਸਤਾ!

ਬਾਣ ਇਹ ਅਲਖ ਜਗਾਉਣ ਦੀ

ਅਠਵੰਜਵਾਂ ਵੀ ਬੀਤ ਜਾਵੇਗਾ

ਮਨੋਹਰ ਸੁਪਨੇ ਲੈਂਦਿਆਂ

ਤੇ ਮਾਲਕ ਦੀ ਸੇਵਾ ਕਰਦਿਆਂ

ਕਿ ਨਹੀਂ ਬਣ ਸਕੇਗੀ

ਦੋਸਤਾ!

ਇੱਕ ਛੱਪਰੀ ਦੀ ਵੀ ਮਾਲਕੀ

ਕਿਨ੍ਹਾਂ ਕੁ ਪਿੱਛੇ ਪਾਏਂਗਾ

ਦੱਸ ਧੀ ਦਾ ਵਿਆਹ

ਕਿ ਚਾਰ ਪੰਜ ਹੀ ਹੋਵੇਗਾ

ਹੁਣ ਖੰਡ ਦਾ ਭਾਅ

ਅਸਲੀਅਤ ਨਹੀਂ ਛੁਪਾ ਸਕੇਗੀ

ਉਧਾਰ ਲੈ ਕੇ ਪਾਈ ਪੈਂਟ

ਕਿ ਪਿੱਠ ਤੋਂ ਪਾਟ ਜਾਏਗੀ

ਸੁਣਕੇ ਹਟਵਾਣੀਏ ਦੇ ਸਲਾਮ

ਸੁਣਿਆਂ ਕਰ ਕਦੇ ਜ਼ਮੀਰ ਦੀ ਅਵਾਜ਼

ਕਿ ਤੂੰ ਏਜੰਟ ਹੈਾ

ਉਸ ਦੁਕਾਨ ਦਾ

ਜਿੱਥੇ ਘਿਓ ਦੇ ਡੱਬਿਆਂ 'ਚ

ਗਰੀਸ ਵਿਕਦਾ ਹੈ

ਕੁਝ ਨਹੀਂ ਖੋਹ ਸਕੇਗੀ

ਸਟੇਅ-ਇਨ-ਸਟਰਾਈਕ

ਕਿ ਇੱਥੇ ਤਾਂ ਸਭ ਕੁਝ ਨੀਹਾਂ ਤੋਂ

ਪੁੱਟਣਾ ਪਏਗਾ

ਫਿਰ ਨਵਾਂ ਬਣਾਉਣਾ ਪਏਗਾ

ਇੱਥੇ ਤਾਂ ਕੁਝ ਜੜਾਂ ਤੋਂ ਪੁੱਟਣਾ ਪਏਗਾ

ਫਿਰ ਨਵਾਂ ਉਗਾਉਣਾ ਪਏਗਾ

ਜੇ ਤੂੰ ਸਮਝ ਸਕੇਂ

ਤਾਂ ਤੇਰੀਆਂ ਬਾਹਵਾਂ ਦੇ ਘੇਰੇ 'ਚ ਹੀ

ਸੁਲਘਦੇ ਨੇ ਬੰਬ

ਜੋ ਇੱਕ ਦਿਨ ਫਟ ਕੇ ਹੀ ਰਹਿਣਗੇ

ਤੇ ਉਲਟ ਦੇਣਗੇ

ਇਹ ਝੂਠ ਦੀ ਦੁਕਾਨ

ਜੋ ਖੋਹ ਕੇ ਵੰਡਾ ਲੈਣਗੇ

ਛਾਬੇ 'ਚ ਰੋਟੀਆਂ

ਜੋ ਬਦਲ ਕੇ ਹੀ ਰਹਿਣਗੇ

ਬੁਰਕੀਆਂ ਬੋਚਣ ਦਾ ਰਿਵਾਜ

ਤੂੰ ਵੀ ਕਰ ਕੋਈ ਅਜਿਹਾ ਉਪਾਅ

ਕਿ ਹਰ ਬੰਬ

ਟਾਈਮ ਬੰਬ ਬਣ ਜਾਵੇ

ਜੋ ਫਟੇ ਅਜਿਹੇ ਵਕਤ

ਤੇ ਅਜਿਹੀ ਥਾਂ

ਕਿ ਮਾਣਸ ਖਾਣੇ ਭੂਪ ਦਾ

ਸਿੰਘਾਸਨ ਹੀ ਉਲਟ ਜਾਏ

ਨਹੀਂ ਤਾਂ ਜ਼ਿੰਦਗੀ ਤੁਰੇਗੀ

ਦੋਸਤਾ!

ਇੰਝ ਹੀ ਢੀਚਕ ਚਾਲ

ਜਦ ਤੱਕ ਲੱਗਿਆ ਰਹੇਗਾ

ਅਕਲਾਂ ਉੱਤੇ ਜੰਗਾਲ

📝 ਸੋਧ ਲਈ ਭੇਜੋ