ਨੀਂ ਕੁੜੀਏ!
ਤੂੰ ਵੀ ਜੇ ਚਾਹੁੰਨੀ ਏ,
ਕਿ ਤੇਰਾ ਵੀ ਰੁਤਬਾ ਮੁੰਡਿਆਂ ਬਰਾਬਰ ਹੋਵੇ,
ਤਾਂ ਤੈਨੂੰ ਕੁਝ ਕੁ ਬਦਲਣਾ ਪਊ।
ਪਹਿਲਾਂ ਤਾਂ ਆਪਣੀ ਦਿੱਖ ਬਦਲ,
ਆਹ ਪਾਊਡਰ, ਲਿਪ-ਸਟਿਕ, ਮੇਅ-ਕੱਪ,
ਉੱਚੀਆਂ ਹੀਲਾਂ ਦੇ ਸੈਂਡਲ,
ਮਤਲਬ ਫੋਕੀ-ਸੁੰਦਰਤਾ ਦੇ ਨਕਾਬ ਪਹਿਨਣੋਂ ਹੱਟ।
ਕਰੀਨਾ, ਕੈਟਰੀਨਾ ਜਿਹੇ ਆਦਰਸ਼ ਬਦਲ,
ਇਹ ਹੀਰੋਇਨਾਂ, ਦੌਲਤ-ਸੌਹਰਤ ਪਾਉਣ ਲਈ,
ਜਿਸਮ ਦੀ ਨੁਮਾਇਸ਼ ਕਰਦੀਆਂ,
ਤੇ ਔਰਤ ਨੂੰ,
ਸਿਰਫ਼ 'ਕਾਮ-ਵਸਤੂ' ਦਾ ਰੁਤਬਾ ਦਿਵਾਉਂਦੀਆਂ ਨੇ।
ਤੂੰ 'ਕਿਰਨ ਬੇਦੀ, ਕਲਪਨਾ' ਜਿਹੇ,
'ਮਾਈ ਭਾਗੋ' ਜਾਂ 'ਲਕਸ਼ਮੀ ਬਾਈ' ਜਿਹੇ,
ਮਹਾਨ ਆਦਰਸ਼ ਬਣਾ,
ਇਹ ਹਸਤੀਆਂ ਸਨ,
ਜੋ ਮਰਦ ਬਰਾਬਰ ਰੁਤਬਾ ਰੱਖਦੀਆਂ ਸਨ।
ਗੁਰੂ ਗੋਬਿੰਦ ਸਿੰਘ ਨੇ ਵੀ,
ਤੇਰੀ ਦਿੱਖ ਨੂੰ ਬਦਲਿਆ ਸੀ
ਪਰ ਤੂੰ ਫਿਰ,
ਫੋਕੀ ਸੁੰਦਰਤਾ ਦੇ ਸਾਧਨਾਂ ਚ ਮਸਤ ਰਹੀ।
ਭੋਲੀਏ!
ਤੈਨੂੰ ਕੀ ਦੱਸੀਏ,
ਝਾਂਜਰਾਂ, ਝਾਜਰਾਂ ਨਹੀਂ,
ਤੇਰੇ ਪੈਰਾਂ ਨੂੰ ਲੱਗੀਆਂ ਬੇੜੀਆਂ ਨੇ,
ਚੂੜੀਆਂ, ਚੂੜੀਆਂ ਨਹੀਂ,
ਹੱਥਾਂ ਨੂੰ ਲੱਗੀਆਂ ਹੱਥਕੜੀਆਂ ਨੇ,
ਤੇਰੇ ਗਲ ਦਾ ਮੰਗਲ-ਸੂਤਰ,
ਕੁੱਤੇ ਵਾਲਾ ਪਟਾ ਏ,
ਇਹ ਸਭ ਗੁਲਾਮੀ ਦੀਆਂ ਜ਼ੰਜੀਰਾਂ ਨੇ,
ਆਜਾਦ ਕਰਵਾ ਆਪਣੇ ਜਿਸਮ ਨੂੰ ਜ਼ੰਜੀਰਾਂ ਤੋਂ।
ਹਾਂ ਸੱਚ,
ਇੱਕ ਗੱਲ ਹੋਰ,
ਤੂੰ ਆਪਣੇ ਹੈਂਡਬੈਗ ਚ,
ਲਿਪਸਟਿਕ, ਸ਼ੀਸ਼ਾ, ਕਰੀਮਾਂ ਦੀ ਥਾਂ ਤੇ,
ਇੱਕ ਲਿਸ਼ਕਦਾ ਖੰਜ਼ਰ ਰੱਖਿਆ ਕਰ,
ਜਦ ਪਾਣੀ ਸਿਰ ਤੋਂ ਲੰਘਦਾ ਦਿਸੇ,
ਤਾਂ ਖੰਜ਼ਰ ਦੀ ਵਰਤੋਂ ਕਰ।
ਮੇਰੀ ਤਾਂ ਇਹੋ ਸਲਾਹ ਏ,
ਬਾਕੀ ਤੇਰੀ ਮਰਜ਼ੀ,
ਜਾਂ ਜਿਵੇਂ ਤੂੰ ਠੀਕ ਸਮਝੇਂ... !