ਨਿੱਕੀਆਂ ਨਿੱਕੀਆਂ ਬੂੰਦਾਂ ਬਰਸਨ

ਨਿੱਕੀਆਂ ਨਿੱਕੀਆਂ ਬੂੰਦਾਂ ਬਰਸਨ

ਸਾਗਰ ਨੂੰ ਮਿਲਣੇ  ਲਈ  ਤਰਸਨ

ਨੀਲ ਗਗਨ  ਤੋਂ ਤੁਰਕੇ ਆਈਆਂ ,

ਸਾਗਰ   ਦੇ   ਪੈਰਾਂ   ਨੂੰ   ਪਰਸਨ

ਕਿੰਝ  ਨਦੀ  ਵਿਚ  ਵੜੀਏ  ਜਾ  ਕੇ,

ਕਿੰਝ  ਸਾਗਰ  ਦੇ ਕਰੀਏ  ਦਰਸ਼ਨ

ਦਿਲ  ਵਿਚ   ਚਾਉ   ਘਨੇਰਾ  ਲੈ ਕੇ,

ਮਨ ਹੀ ਮਨ ਵਿਚ ਪਈਆਂ ਸਰਸਨ

ਪੀਆ ਮਿਲਣ  ਦੀ ਤਾਂਘ ਹੈ ਤੀਬਰ ,

ਆਪੇ ਸੋਚਣ    ਆਪੇ ਹਰਸਨ

ਕਈ   ਜਨਮਾਂ   ਤੋੰ   ਪਏ   ਵਿਛੋੜੇ ,

ਹੋਰ  ਵਿਛੋੜਾ   ਕਿੱਦਾਂ ਜਰਸਨ

ਜੋ  ਸਾਗਰ ਵਿਚ ਜਾ ਕੇ ਵੜੀਆਂ,

ਸੀਸ  ਓਸ ਦੇ ਪੈਰੀਂ  ਧਰਸਨ

ਜੋ  ‘ਸੁਰਜੀਤ’   ਕਿਨਾਰੇ   ਖੜੀਆਂ,

ਤੜਪ ਤੜਪ ਕੇ ਪਈਆਂ ਮਰਸਨ

📝 ਸੋਧ ਲਈ ਭੇਜੋ