ਨਿੱਕਾ ਜਿਹਾ ਟੁਕੜਾ

ਏਨੀ ਵੱਡੀ ਧਰਤੀ ਤੇ 

ਇੱਕ ਨਿੱਕਾ ਜਿਹਾ ਟੁਕੜਾ ਵੀ 

ਮੇਰਾ ਆਪਣਾ ਨਹੀਂ

ਕਿ ਮੈਂ ਬਾਜਰੇ ਦਾ ਖੇਤ ਬੀਜ ਸਕਦਾ 

ਸਰ੍ਹੋਂ ਦੀ ਕਿਆਰੀ ਉਗਾ ਸਕਦਾ 

ਜਾਂ ਅੰਬ ਦਾ ਰੁੱਖ ਹੀ ਲਾ ਸਕਦਾ। 

ਪਰ ਮੇਰਾ ਇਕ ਦਿਲ ਤਾਂ ਹੈ 

ਜੋ ਅਜੇ ਤਕ ਮੇਰਾ ਆਪਣਾ ਹੈ 

ਇਹੋ ਹੀ ਬਣ ਜਾਂਦੈ ਮੇਰੇ ਲਈ 

ਕਦੇ ਬਾਜਰੇ ਦਾ ਖੇਤ

ਕਦੇ ਸਰ੍ਹੋਂ ਦੀ ਕਿਆਰੀ 

ਕਦੇ ਅੰਬ ਦਾ ਰੁੱਖ। 

ਚੂੰਡੀ ਗਈ ਹੈ ਬਹੁਤ ਵਾਰ 

ਦੋਧੇ ਦਾਣਿਆਂ ਦੀ ਹਿੱਕ 

ਮਿੱਧੀ ਗਈ ਹੈ ਕਿੰਨੀ ਵਾਰ 

ਸੱਜਰੇ ਫੁੱਲਾਂ ਦੀ ਸ਼ੋਖੀ

ਟੁੱਕੇ ਗਏ ਕਈ ਵਾਰੀ

ਪੱਕਣ ਤੋਂ ਪਹਿਲਾਂ ਹੀ ਫ਼ਲ 

ਪਰ ਮੇਰੇ ਦਿਲ ਦਾ ਇਹ

ਨਿੱਕਾ ਜਿਹਾ ਟੁਕੜਾ 

ਜੋ ਮੇਰਾ ਆਪਣਾ ਹੈ

ਅਜੇ ਬੰਜਰ ਨਹੀਂ ਬਣਿਆ।

📝 ਸੋਧ ਲਈ ਭੇਜੋ