ਨਿੱਕੇ ਦੁੱਖ

ਹੁਣ ਕੋਈ ਤਲਖ਼ ਵਾਕਿਆ ਹੋਵੇ 

ਵਾਕਫ਼ਾਂ ਅੱਗੇ ਜਿਸਦਾ ਪੱਜ ਪਾ ਕੇ 

ਰੂਹ ਦੀਆਂ ਖੁੰਦਰਾਂ ਦੇ ਵਿਚ ਉੱਗੇ 

ਨਿੱਕੇ ਨਿੱਕੇ ਅਨੇਕ ਦੁੱਖਾਂ 'ਤੇ 

ਖ਼ੂਬ ਅੱਖਾਂ ਨੂੰ ਮਲ ਕੇ ਰੋ ਲਈਏ 

ਕੁਝ ਪਲ ਛਿਨ ਹੀ ਹਲਕੇ ਹੋ ਲਈਏ।

ਜੱਗ-ਵਖਾਵੇ ਦੇ ਸਾਹ ਰਹੇ ਪੁਗਦੇ 

ਅਚਣਚੇਤੀ ਅਵੇਸਲੇ ਉਗਦੇ 

ਧੌਲਿਆਂ ਵਾਂਗ ਦੁੱਖ ਸਾਹਾਂ ਦੇ 

ਲੇਂਧੜੇ ਚੰਬੜੇ ਨੇ ਰਾਹਾਂ ਦੇ।

ਕਿਸੇ ਦੁੱਖ ਦੀ ਨਾ ਏਨੀ ਸ਼ਿੱਦਤ ਸੀ 

ਉਸ 'ਤੇ ਰੋ ਲੈਂਦੇ ਬਹਿ ਕੇ ਓਦੋਂ ਹੀ

ਰੂਹ ਤੋਂ ਹਲਕਾ ਗ਼ੁਬਾਰ ਲਹਿ ਜਾਂਦਾ 

ਕੁਝ ਤਾਂ ਦਿਲ ਉਤੋਂ ਭਾਰ ਲਹਿ ਜਾਂਦਾ।

ਦੋਸਤਾਂ ਸੰਗ ਸਦਾ ਰਹੇ ਹਸਦੇ 

ਨਿੱਕੇ ਦੁੱਖਾਂ ਦੀ ਗੱਲ ਕੀ ਦਸਦੇ

ਚੰਗਾ ਹੁੰਦਾ ਉਦੋਂ ਵਹੇ ਹੁੰਦੇ 

ਅੱਥਰ ਮੁਲਤਵੀ ਰਹੇ ਹੁੰਦੇ। 

ਸੁੱਕੇ ਸਾਹਾਂ 'ਚ ਜਿੰਦ ਖੋਰੀ ਹੈ 

ਜਿਸਮ ਹੁਣ ਕੰਡਿਆਂ ਦੀ ਬੋਰੀ ਹੈ।

ਹੁਣ ਕੋਈ ਤਲਖ਼ ਵਾਕਿਆ ਹੋਵੇ 

ਦੋ ਘੜੀ ਜਿਸਦਾ ਆਸਰਾ ਲੈ ਕੇ 

ਪਿਛਲੇ ਦੁੱਖਾਂ ਤੇ ਬਹਿ ਕੇ ਰੋ ਲਈਏ 

ਇੰਜ ਪਲ ਛਿਨ ਤਾਂ ਹੌਲੇ ਹੋ ਲਈਏ।

📝 ਸੋਧ ਲਈ ਭੇਜੋ