ਨਿੱਕੀ ਦੁਨੀਆਂ

ਕੰਧ ਦੇ ਉਰਲੇ ਪਾਸੇ 

ਸਭ ਕੁਝ ਨਜ਼ਰੀਂ ਆਵੇ 

ਪਤਾ ਨਾ ਲੱਗੇ ਕੀ ਏ 

ਕੰਧ ਦੇ ਪਰਲੇ ਪਾਸੇ

ਕੰਧ ਦੇ ਉਰਲੇ ਪਾਸੇ

ਮੈਂ ਹਾਂ

ਤੇ ਮੇਰੀ ਨਿੱਕੀ ਜਿਹੀ ਦੁਨੀਆਂ

ਖੁਸ਼ਬੂਆਂ ਵਿਚ ਲਿਪਟੀ

ਕਦੀ ਸੁਰਾਂ ਵਿਚ ਗਾਉਂਦੀ

ਕਈਆਂ ਰੰਗਾਂ ਵਿਚ ਵਿਚਰਦੀ

ਚਾਨਣ ਭਿੱਜੀ

ਫਿਰ ਵੀ ਕੁਝ ਕੁਝ ਨੀਮ-ਹਨੇਰੀ

ਕੰਧ ਦੇ ਉਰਲੇ ਪਾਸੇ

ਮੇਰੀ ਨਿੱਕੀ ਦੁਨੀਆਂ ਕੰ

ਦੇ ਪਰਲੇ ਪਾਸੇ 

ਪੂਰਾ ਬ੍ਰਹਿਮੰਡ ਵਸਦਾ

ਨਿੱਕੀ ਦੁਨੀਆਂ ਤਾਂ 

ਸਾਰੀ ਦੀ ਸਾਰੀ ਮੇਰੀ

ਪਰਲੇ ਪਾਸੇ ਵਸਦਾ 

ਬ੍ਰਹਿਮੰਡ ਵੀ ਮੇਰਾ ਹੈ

ਦੋਹਾਂ ਵਿਚਲੀ ਕੰਧ ਸਰਕਦੀ

ਹੌਲੀ ਹੌਲੀ ਅਗਲੇ ਪਾਸੇ

ਹੌਲੀ ਹੌਲੀ ਬ੍ਰਹਿਮੰਡ

ਸ਼ਾਮਲ ਹੁੰਦਾ ਜਾਏ

ਮੇਰੀ ਨਿੱਕੀ ਦੁਨੀਆਂ ਅੰਦਰ

ਪਰਲਾ ਪਾਸਾ ਬਣਦਾ ਜਾਏ 

ਉਰਲਾ ਪਾਸਾ

ਮੇਰੀਆਂ ਨਜ਼ਰਾਂ ਹੇਠ ਲਿਆਏ

ਅਣ ਦਿੱਸਦੇ ਤੱਥਾਂ ਭੇਤਾਂ ਨੂੰ 

ਇੰਜ ਫੈਲਦੀ ਰਹਿੰਦੀ 

ਮੇਰੀ ਨਿੱਕੀ ਦੁਨੀਆਂ।

📝 ਸੋਧ ਲਈ ਭੇਜੋ