ਨਿੱਕੀ ਜਿੰਨ੍ਹੀ ਗੱਲ ਤੋਂ ਵੰਡੀ

ਨਿੱਕੀ ਜਿੰਨ੍ਹੀ ਗੱਲ ਤੋਂ ਵੰਡੀ, ਲਿੱਤਰੀਂ ਦਾਲ ਸ਼ਰੀਕਾਂ ਨੇ

ਕਾਰ ਸ਼ਰੀਕਾਂ ਵਾਲੀ ਕੀਤੀ, ਮੇਰੇ ਨਾਲ ਸ਼ਰੀਕਾਂ ਨੇ

ਖ਼ੁਸ਼ਕਿਸਮਤ ਜਿਸ ਬੰਦੇ ਦਾ, ਦੁਸ਼ਮਨ ਹੋਵੇ ਦਾਨਸ਼ਮੰਦ,

ਮੇਰੀ ਰਾਹ ਵਿਚ ਥਾਂ-ਥਾਂ ਬੱਧੇ, ਕੁੱਤੇ ਪਾਲ ਸ਼ਰੀਕਾਂ ਨੇ

ਅਜ ਕਲ ਮੈਨੂੰ ਸ਼ੀਸ਼ੇ ਦਾ, ਅਹਿਸਾਨ ਵੀ ਚੁੱਕਣਾ ਪੈਂਦਾ ਨਹੀਂ,

ਮੈਨੂੰ ਦੇਖ ਕੇ ਆਪਣੇ ਚਿਹਰੇ, ਕੀਤੇ ਲਾਲ ਸ਼ਰੀਕਾਂ ਨੇ

ਆਪਣੀ ਆਈ ਦੇ ਨਾਲ ਸੱਜਣਾ, ਓੜਕ ਨੂੰ ਮਰ ਜਾਣਾ ਏ,

ਜਸ਼ਨ ਮਨਾਏ ਦੇਖ ਕੇ ਮੇਰੇ, ਬੱਗੇ ਵਾਲ ਸ਼ਰੀਕਾਂ ਨੇ

ਮੇਰੇ ਤਾਈਂ ਉਸ ਦੀ ਲੋ ਦੀਆਂ, ਰਿਸ਼ਮਾਂ ਪਹੁੰਚ ਨਾ ਜਾਣ ਕਿਤੇ,

ਚਾਰ-ਚੁਫ਼ੇਰੇ ਪਰਦਾ ਕੀਤਾ, ਦੀਵਾ ਬਾਲ ਸ਼ਰੀਕਾਂ ਨੇ

ਇੰਜ ਵੀ ਸਾਂਝ-ਭਿਆਲੀ ਦਾ ਨਾ, ਮਤਲਬ ਜਾਣਾ'ਅਨਵਰ' ਜੀ,

ਕਿਉਂ ਰੱਖਿਆ ਵੰਡ ਵੰਡਾਕੇ, ਕੱਠਾ ਮਾਲ ਸ਼ਰੀਕਾਂ ਨੇ

📝 ਸੋਧ ਲਈ ਭੇਜੋ