ਨਿੱਕੀਆਂ ਗੱਲਾਂ ਪਾਰੋਂ ਲੜਦੇ

ਨਿੱਕੀਆਂ ਨਿੱਕੀਆਂ ਗੱਲਾਂ ਪਾਰੋਂ ਲੜਦੇ ਰਹੇ

ਹਿਰਸ-ਤਮਾ ਦੀ ਅੱਗ ਵਿਚ ਸਾਰੇ ਸੜਦੇ ਰਹੇ

ਗ਼ੈਰਾਂ ਨੇ ਤਸਖੀਰ ਫ਼ਿਜ਼ਾਵਾਂ ਕਰ ਲਈਆਂ,

ਅਸੀਂ ਚਕੋਰਾਂ ਵਾਂਗੂੰ ਚੰਨ ਨੂੰ ਫੜਦੇ ਰਹੇ

ਉਹਦੀ ਸ਼ਹਿ ਤੇ ਸਾਰੇ ਮੁਨਸਫ਼ ਵੇਲੇ ਦੇ,

ਹਰ ਇੱਕ ਜੁਰਮ ਨੂੰ ਸਾਡੇ ਮੱਥੇ ਮੜ੍ਹਦੇ ਰਹੇ

ਮੇਰੇ ਨਾਲ ਉਹ ਕਿਧਰੇ ਹਸ ਕੇ ਬੋਲ ਪਿਆ,

ਵੇਖਣ ਵਾਲੇ ਲੋਕ ਅਫ਼ਸਾਨੇ ਘੜਦੇ ਰਹੇ

ਉਹ ਆਇਆ ਤੇ ਮਹਿਫ਼ਲ ਸਾਰੀ ਮਹਿਕ ਉੱਠੀ

ਉਹਦੇ ਬੋਲੇ ਅੱਖਰਾਂ ਚੋਂ ਫੁੱਲ ਝੜਦੇ ਰਹੇ

📝 ਸੋਧ ਲਈ ਭੇਜੋ