੧.
ਫ਼ੇਸ ਬੁੱਕ ਦੀ ਨਾਰ
ਸੋਹਣੀ ਤੇ ਹੁਸ਼ਿਆਰ
ਨੈੱਟ 'ਚ ਫਸੀ ਮਛਲੀ
੨.
ਠੇਕੇਦਾਰ ਗਰਜਿਆ
ਥਰ-ਥਰ ਕੰਬਿਆ
ਰੋੜੀ ਕੁੱਟਦਾ ਹਥੌੜਾ
੩.
ਅੱਧੀ ਰਾਤੀਂ
ਤੂੰ ਸੁਪਨੇ 'ਚ ਚਮਕਿਆ
ਮੇਰਾ ਦਿਨ ਚੜ੍ਹਿਆ
੪.
ਰੋਜ਼ ਲਿਖਾਂ ਅਕਵਿਤਾ
ਕਾਗ਼ਜ਼ ਚੀਕੇ
ਸੁੱਤੀ ਕਲਾ ਜਗਾ
੫.
ਕਲਫ਼ ਲੱਗੀ ਦਾਹੜੀ
ਮਾਲੂਕ ਬਾਹਾਂ ਦਾ ਚੂੜਾ
ਇਕੱਠੇ ਚੜ੍ਹੇ ਜਹਾਜ਼ੇ
੬.
ਫੇਰੀ ਵਾਲਾ ਆਇਆ
ਬੱਚਾ ਖਿਡੌਣੇ ਨੂੰ ਵਿਲਕੇ
ਮਾਂ ਮੋਬਾਇਲ 'ਚ ਪਰਚੀ
੭.
ਕੋਰਾ ਕਾਗ਼ਜ਼ ਹੱਸੇ
ਕਲਮ ਬਿਟ-ਬਿਟ ਤੱਕੇ
ਕੰਪਿਊਟਰ ਅੱਗੇ ਕਵੀ
੮.
ਕਵਿਤਾ ਦੀ ਜੂਨੇ ਪਿਆ
ਸ਼ਾਇਰ ਦਾ ਸੁਪਨਾ
ਸ਼ਬਦਾਂ ਦੇ ਭਾਗ ਜਾਗੇ
੯.
ਤੇਰੀ ਖ਼ਾਮੋਸ਼ੀ ਵਿਚ
ਮੇਰੇ ਬੋਲ ਗੁਆਚੇ
ਕਿੰਜ ਬੋਲਾਂ?
੧੦.
ਵੇਚੀ ਜ਼ਮੀਨ 'ਚ ਉੱਗ ਆਇਆ
ਰਾਤੋ-ਰਾਤ ਕਾਰਖਾਨਾ
ਜੱਟ ਵੇਖੇ ਚਿਮਨੀ ਦਾ ਧੂੰਆਂ