ਨਿਕਲੀ ਏ ਜਾਗੀਰ ਕਿਤਾਬਾਂ ਵਿਚੋਂ

ਨਿਕਲੀ ਜਾਗੀਰ ਕਿਤਾਬਾਂ ਵਿਚੋਂ 

ਅੱਜ ਉਹਦੀ ਤਸਵੀਰ ਕਿਤਾਬਾਂ ਵਿਚੋਂ 

ਮੈਂ ਪੜ੍ਹਿਆ ਇਸ਼ਕ ਨੂੰ ਅੱਖਾਂ ਵਿਚੋਂ 

ਤੂੰ ਪੜ੍ਹਿਆ ਵੀਰ ਕਿਤਾਬਾਂ ਵਿਚੋਂ

ਤੱਕਦਾ ਰਹਿਨਾਂ ਸੁਫ਼ਨੇ ਵਿਚ ਕਈ ਸੁਫ਼ਨੇ 

ਲੱਭੇ ਕੀ ਤਾਬੀਰ ਕਿਤਾਬਾਂ ਵਿਚੋਂ

ਜਿਹੜੀ ਰੁੱਸ ਗਏ ਸੱਜਣ ਮੋੜ ਲਿਆਵੇ 

ਲੱਭ ਖਾਂ ਉਹ ਤਦਬੀਰ ਕਿਤਾਬਾਂ ਵਿਚੋਂ 

ਰਟ ਲੈਂਦੇ ਨੇ ਆਪਣੇ ਕੰਮ ਦੀਆਂ ਗੱਲਾਂ 

ਫ਼ਾਦਰ ਪੰਡਿਤ ਪੀਰ ਕਿਤਾਬਾਂ ਵਿਚੋਂ

ਮੈਂ ਵੇਖੇ ਨੇ ਕਈ ਅੱਖਰਾਂ ਦੇ ਹਾਸੇ 

ਕਈ ਅੱਖਰਾਂ ਦੇ ਨੀਰ ਕਿਤਾਬਾਂ ਵਿਚੋਂ

ਅਹਿਮਦ ਦੁੱਲੇ ਭਗਤ ਨੂੰ ਸ਼ਾਮਲ ਕਰੀਏ 

ਕੱਢ ਕੇ ਰਾਂਝੇ ਹੀਰ ਕਿਤਾਬਾਂ ਵਿਚੋਂ

ਪੜ੍ਹ ਕੇ ‘ਸੰਧੂ’ ਲਿਖ ਲੈਨਾਂ ਵਾਂ ਦਿਲ 'ਤੇ 

ਸਾਂਝ ਦੀ ਹਰ ਤਹਿਰੀਰ ਕਿਤਾਬਾਂ ਵਿਚੋਂ

📝 ਸੋਧ ਲਈ ਭੇਜੋ