ਨਿਕਲੀ ਨਦੀ ਪਹਾੜ ’ਚੋਂ

ਨਿਕਲੀ ਨਦੀ ਪਹਾੜ ’ਚੋਂ ਆਂਚਲ ਸੰਭਾਲ ਕੇ

ਸਾਗਰ ਉਡੀਕੇ ਉਸਨੂੰ ਬਾਹਾਂ ਉਠਾਲ ਕੇ

ਮੌਸਮ ਫ਼ਕੀਰ ਹੈ ਘਰੋਂ ਪਰਤੇ ਨਾ ਖਾਲੀ ਹੱਥ,

ਫੁੱਲਾਂ ਦੇ ਬੀਜਾਂ ਨੂੰ ਜ਼ਰਾ ਰੱਖੀਂ ਸੰਭਾਲ ਕੇ

ਕੋਮਲ ਹਵਾ ਦੇ ਖੰਭ ਨਾ ਸੜ ਜਾਣ ਮਿਲਣ ਸਾਰ,

ਅੱਖਾਂ 'ਚ ਅੱਗ ਹੀ ਸਦਾ ਰੱਖੀਂ ਨਾ ਬਾਲਕੇ

ਭਾਵੇਂ ਕਿ ਮਿੱਟੀ ਦੇ ਸਿਵਾ ਕੁਝ ਵੀ ਨਹੀਂ ਬਦਨ,

ਡੋਰੀ ਸਜਾ ਦੇ ਇਸ ’ਚ ਤੂੰ ਕੁਝ ਮੋਮ ਢਾਲ ਕੇ

ਵਿਸ਼ ਦਾ ਪਿਆਲਾ ਹੈਂ ਜੇ ਤੂੰ, ਲੱਗ ਜਾ ਲਬਾਂ ਦੇ ਨਾਲ,

ਕਿੱਥੋਂ ਲਿਆਵਾਂ ਹੋਰ ਮੈਂ ਸੁਕਰਾਤ ਭਾਲਕੇ

ਬੱਚੇ ਦੇ ਵਾਂਗ ਫੇਰ ਵੀ ਹੱਸੇਗਾ ਰਾਤ-ਦਿਨ,

ਨੇਜ਼ੇ ਤੇ ਰੱਖੀਂ ਦਿਲ ਮਿਰਾ, ਰੱਖੀਂ ਉਛਾਲ ਕੇ

📝 ਸੋਧ ਲਈ ਭੇਜੋ