ਨਿਮਾਂ ਨਿਮਾਂ ਹੱਸਣਾ ਤੇ ਸ਼ਰਮਾ ਕੇ

ਨਿਮਾਂ ਨਿਮਾਂ ਹੱਸਣਾ ਤੇ ਸ਼ਰਮਾ ਕੇ ਕੋਲ਼ੋਂ ਲੰਘਣਾ 

ਯਾਦ ਉਹਦਾ ਚੂੜੇ ਨੂੰ ਛਣਕਾ ਕੇ ਕੋਲ਼ੋਂ ਲੰਘਣਾ

ਉਹਨੇ ਵੀ ਨਿੱਤ ਨਹਿਰ ਤੇ ਲੀੜੇ ਧੋਣ ਬਹਾਨੇ ਆਉਣਾ 

ਮੈਂ ਵੀ ਪਾਣੀ ਲਾਵਣ ਦਾ ਪੱਜ ਲਾ ਕੇ ਕੋਲ਼ੋਂ ਲੰਘਣਾ

ਮੇਰੇ ਦਿਲ ਤੇ ਉਹਦੇ ਲੱਕ ਨੇ ਸੌ ਵਲ਼ਾਵੇਂ ਖਾਣੇ 

ਜਦ ਵੀ ਉਹਨੇ ਲਾਲ ਪਰਾਂਦਾ ਪਾ ਕੇ ਕੋਲ਼ੋਂ ਲੰਘਣਾ 

ਇਸ ਮੰਜ਼ਰ ਨੂੰ ਕਿਸਰਾਂ ਭੁੱਲਾਂ ਪਾਣੀ ਭਰਨ ਲਈ ਉਹਨੇ 

ਵੱਖੀ ਉੱਤੇ ਜਦ ਘੜ੍ਹੇ ਨੂੰ ਚਾ ਕੇ ਕੋਲ਼ੋਂ ਲੰਘਣਾ

ਕਿੰਨੀ ਵਾਰੀ ਗਲ਼ੀ ਦੇ ਵਿਚ ਅੱਖਾਂ ਅੱਖਾਂ ਰਾਹੀਂ 

ਇੱਕ ਦੂਜੇ ਨੂੰ ਦਿਲ ਦੀ ਗੱਲ ਸੁਣਾ ਕੇ ਕੋਲ਼ੋਂ ਲੰਘਣਾ

ਸ਼ਾਮੀਂ ਖੂਹ ਤੋਂ ਪਰਤਣ ਵੇਲ਼ੇ ਨਜ਼ਮ ਕਿਸੇ ਦਾ ਮਿਸਰਾ 

ਉਹਦਾ ਘਰ ਜਦ ਆਉਣਾ ਤੇ ਮੈਂ ਗਾ ਕੇ ਕੋਲ਼ੋਂ ਲੰਘਣਾ 

ਉਦੋਂ ਖ਼ੌਰੇ ਕੀ ਹੁੰਦਾ ਸੀ ਜਦ ਚੁੰਨੀ ਦਾ ਪੱਲੂ 

‘ਸੰਧੂ’ ਉਹਨੇ ਬੁੱਲ੍ਹੀਆਂ ਵਿਚ ਦਬਾ ਕੇ ਕੋਲੋਂ ਲੰਘਣਾ

📝 ਸੋਧ ਲਈ ਭੇਜੋ