ਨਿੰਮ੍ਹਾ

ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ

ਨਿੰਮ੍ਹਾ ਜੋ ਜਗੇ ਸੋ ਜੀਵੇ

ਤਿੱਖੇ ਤੱਤੇ ਚਾਨਣ ਦੀ

ਸਾਨੂੰ ਕੀ ਲੋੜ ਏ 

ਤੂੰ ਜਾਣੇਂ ਜਣੇ ਖਣੇ 

ਪਿੰਡੇ ਤੇ ਕੋੜ੍ਹ ਏ 

ਅੱਖੀਂ ਜਦ ਵੇਖ ਲਿਆ 

ਜ਼ਹਿਰ ਕੌਣ ਪੀਵੇ

ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ

ਮਮਟੀ ਪੜਮਮਟੀ ਤੋਂ

ਹੇਠ ਉਤਰ ਲਾਟੇ

ਤੈਨੂੰ ਲੁਕਾ ਲਵਾਂ 

ਮੈਂ ਝੁੰਗਲਮਾਟੇ 

ਮੇਰੇ ਸਭ ਸੰਗ-ਸੈਣ 

ਨਿੰਮ੍ਹੇ ਤੇ ਨੀਵੇ

ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ

ਧੁਰ ਅੰਦਰ ਬੈਠਾ ਤੂੰ 

ਉੱਚੇ ਸੁਰ ਬੋਲੇਂ 

ਮੈਂ ਨਿਰਾ ਕੱਖ-ਕਾਣ 

ਚਿਣਗਾਂ ਤੂੰ ਡੋਲ੍ਹੇਂ 

ਧੁਖ ਧੁਖ ਕੇ ਜੀਣਾ 

ਇਹ ਜੀਣਾ ਵੀ ਕੀ ਵੇ 

ਨਿੰਮ੍ਹਾ ਨਿੰਮ੍ਹਾ ਜਗੋ ਮੇਰੇ ਦੀਵੇ

📝 ਸੋਧ ਲਈ ਭੇਜੋ