ਨਿੰਦਿਆ ਨੀਂਦਰ ਵਰਗੀ ਸੋਹਣੀ

ਨਿੰਦਿਆ ਨੀਂਦਰ ਵਰਗੀ ਸੋਹਣੀ 

ਇਸ ਨੀਂਦਰ ਮੇਰਾ ਮਰ ਚੁੱਕਾ

ਸੁਪਨਾ ਮੁੜ ਜੀ ਪੈਂਦਾ 

ਇਸ ਧੂਣੀ ਮੇਰੀ ਬੁਝ ਚੁੱਕੀ 

ਮੁੜ ਮਘ ਪੈਂਦੀ ਹੋਣੀ 

ਨਿੰਦਿਆ ਨੀਂਦਰ ਵਰਗੀ ਸੋਹਣੀ

ਥਾਂ ਪਰਥਾਵੇਂ ਵੇਖ ਰਿਹਾ ਹਾਂ 

ਕਲਫ਼ ਸਵਾਰੇ ਚਿਹਰੇ

ਹਰ ਕੋਈ ਜੀਕਣ ਫਿਰੇ ਉਧਾਲੀ 

ਅਸਲ ਨਸੀਬੇ ਮੇਰੇ 

ਬਾਰ-ਪਰਾਏ ਦੀ ਸੋਭਾ, ਜੋ 

ਮੇਰੇ ਮਨ ਦੀ ਮੋਹਣੀ

ਨਿੰਦਿਆ ਨੀਂਦਰ ਵਰਗੀ ਸੋਹਣੀ

ਉਧਲ ਗਈ ਪਿਆਰੀ ਦੀ ਸੋਭਾ 

ਕਿਤ ਮੁਖ ਆਖ ਸਲਾਹਵਾਂ 

ਜਾਗਦਿਆਂ ਜੋ ਵਸਤ ਗੁਆਚੀ 

ਨੀਂਦਰ ਵਿਚ ਹੰਢਾਵਾਂ 

ਕੌੜੇ ਬੋਲਾਂ ਦੀ ਝੋਲੀ ਵਿਚ 

ਬਾਤ ਮਾਖਿਓ ਚੋਣੀ

ਨਿੰਦਿਆ ਨੀਂਦਰ ਵਰਗੀ ਸੋਹਣੀ

ਤੇਰੇ ਬੁਲ੍ਹ ਤੋਂ ਮੇਰਾ ਹਾਸਾ 

ਜੇਕਰ ਮੁੜ ਘਰ ਆਵੇ

ਤੇਰੀ ਉਮਰ ਨੂੰ ਇਸ ਨਿੰਦਿਆ ਦੀ 

ਸਾਰੀ ਉਮਰ ਲਗ ਜਾਵੇ 

ਅਉਂਤ ਗਈ ਕਾਇਆ ਦੀ ਮਿੱਟੀ 

ਨਿੰਦਿਆ ਮਲ ਮਲ ਧੋਣੀ 

ਨਿੰਦਿਆ ਨੀਂਦਰ ਵਰਗੀ ਸੋਹਣੀ

📝 ਸੋਧ ਲਈ ਭੇਜੋ