ਮੇਰੇ ਘਰ ਦੀ ਸੜਕ ਤੋਂ ਪਾਰ
ਨਿਪੱਤ੍ਰਾ ਬਿਰਛ ਬੇਮੌਸਮ ਖੜਾ ਹੈ
ਉਹਦੇ ਟਾਹਣਾਂ ਨੇ ਫੁੱਲ-ਪੱਤਰ
ਸਦਾ ਲਈ ਝਾੜ ਦਿਤੇ ਨੇ
ਉਹਦੇ ਚਿਹਰੇ ਤੇ ਹੁਣ ਮੌਸਮ ਮੁਤਾਬਕ
ਮੁਸਕਣੀ ਬਿਲਕੁਲ ਨਹੀਂ ਉਗਦੀ
ਮਹਾਂ ਮੁਕਤੀ ਦਾ ਵਰ ਜਾਂ ਸਰਾਪ
ਲੈ ਕੇ ਜੀ ਰਿਹਾ ਹੈ
ਉਹਦੇ ਟਾਹਣਾਂ ਦੇ ਨਿਤ-ਨੰਗੇਜ ਤੇ
ਪੰਛੀ ਕੋਈ ਜੇ ਆ ਕੇ ਬਹਿ ਜਾਵੇ
ਉਹਦੀ ਕਿਸਮਤ ਨਹੀਂ
ਪਲ ਛਿਨ ਸ਼ਰਮ ਕੇ ਝੂਲ ਹੀ ਜਾਵੇ
ਬਿਰਛ ਕੀ ਹੈ –
ਜਿਵੇਂ ਮੂਰਤ ਕੋਈ ਪੂਰਨ
ਕਲਾਧਰਮੀ ਚਿਤੇਰੇ ਦੀ
ਚਿਤੇਰੇ ਦਾ ਹੁਕਮ :
ਹੈ ਜਿਵੇਂ ਜਨਮੋ, ਉਵੇਂ ਜੀਵੋ
ਮਰਨ ਤੀਕਰ ਸਦਾ ਇਕਰਸ ਰਹੋ, ਇਕ ਭਾਵ ਥੀਵੋ
ਇਹਨੂੰ ਤੱਕ ਕੇ
ਮੇਰੇ ਤਨ ਮਨ 'ਚ ਥਰਹਰ ਜਾਗ ਉਠਦੀ ਹੈ
ਮੇਰੇ ਵਰਗੇ ਨਿਪੱਤੇ ਵੇਖ ਕੇ
ਇਸ ਦਾ ਕੋਈ ਪੱਤਾ ਕਦੇ ਚੰਚਲ ਨਹੀਂ ਹੁੰਦਾ
ਇਹਦੇ ਤਨ ਚੋਂ ਮੈਂ ਇਸ ਦੇ ਮਨ 'ਚ
ਬਿਲਕੁਲ ਝਾਕ ਨਹੀਂ ਸਕਦਾ
ਨਿਪੱਤੇ ਨੰਗ ਦਾ ਉਹਲਾ ਬੜਾ ਹੈ
ਮੇਰੇ ਘਰ ਦੀ ਸੜਕ ਤੋਂ ਪਾਰ
ਨਿਪੱਤ੍ਰਾ ਬਿਰਛ ਬੇਮੌਸਮ ਖੜਾ ਹੈ