ਪ੍ਰਿਯਬੰਸੀ ਨਿਰਬੰਸੀ ਹੋਈ
ਕੁਝ ਦਿਨ ਪਹਿਲਾਂ ਜੋ ਕਹਿੰਦੀ ਸੀ :
ਨਿਪਟ ਮਸ਼ੀਨੀ ਕਰਤਬ ਉਤੇ ਮੈਂ ਲੱਜਿਤ ਹਾਂ
ਮੈਨੂੰ ਅਪਣਾ ਪਿਆਰ ਵੀ ਲਗਦਾ ਇਕ ਵਿਹਾਰ ਹੈ
ਪ੍ਰਿਯ-ਚੁੰਮਣ ਦੇ ਸੁਪਨ-ਲੋਕ ਵਿਚ ਵੀ ਸੁਣਦੀ ਹਾਂ -
ਬਾਲ ਸੂਤਕੀ ਜਿਵੇਂ ਨੀਂਦ ਵਿਚ ਤ੍ਰਭਕ ਪਿਆ ਹੈ
ਇਉਂ ਕਹਿ ਕੇ ਜੋ ਰੋਈ,
ਪ੍ਰਿਬੰਸੀ ਨਿਰਬੰਸੀ ਹੋਈ
ਮੈਨੂੰ ਨਿਰਬੰਸੀ ਵੀ ਲਗਦੀ ਬਹੁਤ ਪਿਆਰੀ
ਪਤਾ ਨਹੀਂ ਪਰ ਨਜ਼ਰ ਮੇਰੀ ਨੂੰ
ਕਿਹੜੀ ਹੋਣੀ ਵਿਆਪ ਗਈ ਹੈ !
ਨਿਰਬੰਸੀ ਮੇਰਾ ਦਰਸ਼ਨ ਪਾਵੇ
ਉਸ ਦਾ ਕੋਸਾ ਰੰਗ ਵੀ ਠੰਡਾ ਹੁੰਦਾ ਜਾਵੇ
ਧੁੱਪ-ਰੰਗੀ ਪਰਛਾਵੀਂ ਜਾਵੇ
ਲਖ ਚੁੰਮਣ ਦੇ ਦੀਪ ਜਗਾਵਾਂ
ਲੋਅ ਨਾ ਹੋਵੇ
ਕੋਸੀ ਕਰਨ ਲਈ ਜੇ ਪਲ ਭਰ ਦੇਹ ਪਲੋਸਾਂ
ਅੰਗ ਅੰਗ ਬਣ ਕੋਟ ਪੰਖਣੂ ਉਡਣਾ ਚਾਹਵੇ
ਨਿਰਬੰਸੀ ਮੇਰੇ ਹਥ ਨਾ ਆਵੇ
ਕਦੇ ਕਦੇ ਪਰ ਪੰਖ-ਮਰੁੰਡੇ ਪੰਛੀ ਵਰਗਾ
ਬੋਲ ਤੜਪਦਾ, ਬੋਲ ਵਿਲਕਦਾ, ਇਹ ਕਹਿ ਜਾਵੇ :
ਲੁੰਞੀ-ਸੁੰਞੀ ਦੇਹੀ ਉਤੇ ਮੈਂ ਲੱਜਿਤ ਹਾਂ
ਮੈਨੂੰ ਆਪਣਾ ਪਿਆਰ ਵੀ ਲਗਦਾ ਬੇਇਤਬਾਰਾ
ਐਨਾ ਸੌਖਾ, ਸੰਕਟ-ਹੀਣਾ-
ਪਿਆਰ ਤਾਂ ਪ੍ਰੀਤਮ ਹੋ ਨਹੀਂ ਸਕਦਾ
ਜਾਨ ਤਲੀ ਤੇ ਬਿਨਾਂ ਟਿਕਾਏ
ਏਸ ਅੱਗ ਨੂੰ ਕੌਣ ਹੰਢਾਏ !
ਪਿਆਰ ਦੇ ਰਾਹ ਵਿਚ
ਭੈ-ਸਾਗਰ ਵੀ ਊਣਾ ਹੋਇਆ
ਰੰਗ ਕਲੀ ਦਾ ਕੀਕਣ ਜੀਵੇ
ਮੋਈ ਜਦ ਖ਼ੁਸ਼ਬੋਈ !
ਪ੍ਰਿਯਬੰਸੀ ਨਿਰਬੰਸੀ ਹੋਈ !!