ਨਿਰਧਨਾਂ ਦੇ ਵੇਖ ਦੁੱਖ

ਨਿਰਧਨਾਂ ਦੇ ਵੇਖ ਦੁੱਖ ਕਿਸਮਤ ਦੇ ਮਾਰੇ ਨਾ ਕਹੋ

ਤੇ ਕਿਸੇ ਲਾਚਾਰ ਦੇ ਡੁੱਬੇ ਸਿਤਾਰੇ ਨਾ ਕਹੋ।

ਕਹਿ ਦੇਵੋ ਕਿ ਔਖ ਵਿੱਚ ਕੰਮ ਆਉਣ ਦੀ ਹਿੰਮਤ ਨਹੀਂ

ਪਰ ਖ਼ੁਦਾ ਦੇ ਬੰਦਿਆਂ ਨੂੰ ਬੇਸਹਾਰੇ ਨਾ ਕਹੋ।

ਪਿਆਸ ਜੇ ਮਿਹਨਤਕਸ਼ਾਂ ਦੀ ਆਪ ਤੋਂ ਬੁੱਝਦੀ ਨਹੀਂ

ਚਸ਼ਮਿਆਂ ਨਦੀਆਂ ਦੇ ਪਾਣੀ ਹੈਣ ਖਾਰੇ ਨਾ ਕਹੋ।

ਦੇਸ਼ ਦੀ ਸਾਰੀ ਕਮਾਈ ਚੰਦ ਹੱਥਾਂ ਪਾਸ ਹੈ

ਤੇ ਕਰੋੜਾਂ ਬੇਬਸਾਂ ਨੂੰ ਰੱਬ ਦੇ ਮਾਰੇ ਨਾ ਕਹੋ।

ਪੇਟ ਭਰ ਰੋਟੀ ਕਿਸੇ ਕਿਰਤੀ ਨੂੰ ਜੇ ਹੈ ਮਿਲ ਗਈ

ਹੋ ਗਏ ਉਸ ਸ਼ਖਸ ਦੇ ਵਾਰੇ ਨਿਆਰੇ ਨਾ ਕਹੋ।

ਹੈ ਨਸੀਬਾਂ ਵਿੱਚ ਮਜ਼ੂਰੀ ਤੇ ਪਸੀਨਾ ਡੋਲਣਾ

ਜੂਨ ਕਿਹੜੀ ਭੁਗਤਦੇ ਨੇ, ਇਹ ਵਿਚਾਰੇ ਨਾ ਕਹੋ।

ਮਿਹਨਤੀ ਆਸਾਰ ਨੇ ਹਰ ਰਹੇ ਤੂਫਾਨ ਦੇ

ਸੰਦ ਫੜੇ ਹੱਥ ਵੇਖ ਲਉ, ਕੰਮੀ ਵਿਚਾਰੇ ਨਾ ਕਹੋ।

 

ਜ਼ਿੰਦਗੀ ਦੇਣੀ ਸੀ ਜਿਸ ਉਹ ਮੌਤ ਘਰ ਘਰ ਦੇ ਗਿਆ

ਸਾਥ ਦਿੱਤਾ ਤਾਂ ਨਹੀਂ, ਅਪਦਾ ਦੇ ਮਾਰੇ, ਨਾ ਕਹੋ।

ਕਿਰਤੀਆਂ ਦੀ ਜ਼ਿੰਦਗੀ ਮਿੱਟੀ ’ਚ ‘ਉੱਪਲ’ ਰੁਲ ਗਈ

ਜੀਣ ਦਾ ਹੱਕ ਖੋਹ ਕੇ ਜੀਵਨ ’ਚ ਹਾਰੇ ਨਾ ਕਹੋ।

📝 ਸੋਧ ਲਈ ਭੇਜੋ