ਮਿਟਾਣਾ ਚਾਹੁੰਦਾ ਹੈ ਕੋਈ ਨਿਸ਼ਾਨ ਸਾਡਾ।
ਮੇਰੇ ਪੰਥ ਅੱਜ ਹੈ ਇਮਤਿਹਾਨ ਸਾਡਾ।
ਇਹ ਰੰਗਮੰਚ ਸਾਡੇ ਦੀਵਾਨਾਂ ਦੀ ਸ਼ੋਭਾ,
ਇਹ ਸਿੱਖ ਕੌਮ ਦੀ ਅਣਖ ਮੈਦਾਨ ਸਾਡਾ।
ਸਦਾ ਤਿਲਕ ਜੰਝੂ ਦੀ ਰਖਿਆ ਖ਼ਾਤਿਰ,
ਇਹ ਸਿੱਖ ਕੌਮ ਅੱਗਾਂ ਤੇ ਚਲਦੀ ਰਹੀ ਏ,
ਨਾ ਹੱਕ ਮਾਰਦੇ ਹਾਂ, ਨਾ ਹੱਕ ਖੋਹਣ ਦਈਏ,
ਜ਼ੁਲਮ ਨਾਲ ਟਕਰਾਣਾ ਈਮਾਨ ਸਾਡਾ।
ਸਦਾ ਮੌਤ ਮਾਂ ਤੋਂ ਜਨਮਦੇ ਰਹੇ ਹਾਂ,
ਜ਼ੁਲਮ ਨੇ ਬੜਾ ਹੀ ਖਿਡਾਇਆ ਏ ਸਾਨੂੰ,
ਖ਼ਿਜ਼ਾਵਾਂ ਦੀ ਹਿੱਕ ਤੇ ਬੜੀ ਨੀਂਦ ਆਈ,
‘ਤੂਫ਼ਾਨਾਂ’ 'ਚ ਖਿੜਦੈ, ਗੁਲਸਤਾਨ ਸਾਡਾ।
ਤਿਰੰਗਾ ਜਿਹਦੇ ਖ਼ੂਨ 'ਚੋਂ ਲਿਸ਼ਕਿਆ ਏ,
ਉਸੇ ਦੇ ਮੁਕੱਦਰ ਨੂੰ ਅੱਗ ਲਾ ਰਹੇ ਨੇ,
ਕੋਈ ਕਹਿ ਦਏ ਵਤਨ ਦੇ ਰਾਹਨੁਮਾ ਨੂੰ,
ਇਹ ਧਰਤੀ ਸਾਡੀ ਹੈ ਇਹ ਅਸਮਾਨ ਸਾਡਾ।