ਨਿਛੋਹ ਪਾਣੀ 'ਚ ਲਿਪਟੀ ਆ

ਨਿਛੋਹ ਪਾਣੀ 'ਚ ਲਿਪਟੀ ਰਹੀ ਨੀਲੀ ਨਦੀ ਕੋਈ।

ਕਿਸੇ ਸੰਗਮ ਲਈ ਇਤਰਾ ਰਹੀ ਨੀਲੀ ਨਦੀ ਕੋਈ

ਕਦੇ ਵੀ ਰੋਕ ਨਾ ਹੋਇਆ ਕਿਸੇ ਤੋਂ ਏਸ ਦਾ ਰਸਤਾ,

ਪਹਾੜਾਂ ਨਾਲ ਵੀ ਟਕਰਾ ਰਹੀ ਨੀਲੀ ਨਦੀ ਕੋਈ।

ਸਵੇਰੇ ਆਣ ਕੇ ਇਹਦੇ 'ਚ ਡੁਬਕੀ ਲਾ ਗਿਆ ਸੂਰਜ,

ਅਜੇ ਤਕ ਸੋਚ ਕੇ ਸ਼ਰਮਾ ਰਹੀ ਨੀਲੀ ਨਦੀ ਕੋਈ

ਇਹਦੇ ਸੰਗੀਤ ਨੇ ਕਾਇਨਾਤ ਨੂੰ ਝੂਮਣ ਲਗਾ ਦਿਤਾ,

ਤਰਾਨਾ ਇਸ਼ਕ ਦਾ ਹੈ ਗਾ ਰਹੀ ਨੀਲੀ ਨਦੀ ਕੋਈ

ਨਿਰੰਤਰ ਚਾਲ ਹੈ ਇਸ ਦੀ ਰਵਾਨੀ ਹੈ ਤਰੰਗਾਂ ਵਿਚ

ਉਮੰਗਾਂ ਬਣ ਕੇ ਹੈ ਲਹਿਰਾ ਰਹੀ ਨੀਲੀ ਨਦੀ ਕੋਈ

ਹੁਣੇ ਕਲ਼ ਕਲ਼ ਕਰੇਂਦੀ, ਵਹਿ ਤੁਰੀ ਸੀ ਝਰਨਿਆਂ ਵਿੱਚੋਂ

ਹੁਣੇ ਉਨਮਾਦ ਬਣ ਕੇ ਛਾ ਰਹੀ ਨੀਲੀ ਨਦੀ ਕੋਈ

ਗਤੀ ਦਾ ਨਾਮ ਜੀਵਨ ਹੈ, ਕਿਸੇ ਦਿਨ ਹਮਕ ਜਾਣਾ ਤੂੰ,

ਖੜੇ ਪਾਣੀ ਨੂੰ ਹੈ ਸਮਝਾ ਰਹੀ, ਨੀਲੀ ਨਦੀ ਕੋਈ।

📝 ਸੋਧ ਲਈ ਭੇਜੋ