(2 ਜਨਵਰੀ, 1961)
1.
ਸਾਡੀ ਜਿੰਦ ਨੂੰ ਤੂੰ ਮਾਰੇ ਜਿੰਦਰੇ।
ਸਾਨੂੰ ਭੁੱਲ ਗਏ ਰਾਤਾਂ ਦੇ ਨੀਂਦਰੇ।
ਮਿਲੇ ਇਕ ਪਲ ਦਾ ਵੀ ਨਾ ਸੌਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ।
2.
ਅੱਧੀ ਅੱਧੀ ਰਾਤੀਂ ਦੀਵਾ ਬਾਲਾਂ।
ਦੀਵਾਂ ਬਾਲ ਕੇ ਰੋਵਾਂ।
ਆਹਾਂ ਮੇਰੀਆਂ ਦੀਆਂ ਲਾਟਾਂ ਨਿਕਲਣ।
ਹੁਣ ਰਿਹਾ ਅੱਖੀਆਂ ਦਾ ਖੋਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ।
3.
ਦੀਵਾ ਨਾ ਬੁੱਝਦਾ ਯਾਦ ਨਾ ਮੁੱਕਦੀ।
ਮੈਂ ਤੇਲ ਉਮਰ ਦਾ ਚੋਵਾਂ।
ਜਿੰਦ ਦੀ ਬੱਤੀ ਬੁੱਝਦੀ ਜਾਵੇ,
ਹੁਣ ਕੀ ਤੇਰਾ ਪਾਉਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ।
4.
ਅੱਧੀ ਅੱਧੀ ਰਾਤੀਂ ਤਾਰਾ ਟੁੱਟਿਆ।
ਅੱਧ ਵਿਚ ਮੇਰਾ ਸੁਪਨਾ।
ਕੀ ਜਾਣਾ ਦਿਲ ਤਾਰਾ ਟੁੱਟ ਜਾਏ।
ਫਿਰ ਤੂੰ ਕਾਹਨੂੰ ਆਉਣਾ। ਸਾਨੂੰ ਨਿੱਤ ਦਾ ਪੈ ਗਿਆ ਰੋਣਾ।
5.
ਸਬਰ ਦੀਆਂ ਕਬਰਾਂ ਵਿਚੋਂ,
ਬੋਲ ਪਏਗੀ ਮੇਰੀ ਜਿੰਦੜੀ।
ਪੈਰਾਂ ਦੀ ਛੋਹ ਕਿਧਰੇ ਮਿਲ ਜਾਏ।
ਅਸਾਂ ਲੱਖ ਲੱਖ ਸ਼ੁਕਰ ਮਨਾਉਣਾ।
ਸਾਨੂੰ ਨਿੱਤ ਦਾ ਪੈ ਗਿਆ ਰੋਣਾ, ਚੰਨ ਨਿੱਤ ਦਾ ਪੈ ਗਿਆ ਰੋਣਾ।