ਨਿੱਤ ਨਿੱਤ ਦਾ ਏ ਸੋਗ ਨਿਮਾਸ਼ਾਂ ਪਈਆਂ ਦਾ
ਦਿਲ ਨੂੰ ਲੈ ਗਿਆ ਰੋਗ ਨਿਮਾਸ਼ਾਂ ਪਈਆਂ ਦਾ
ਕੁੱਝਾਂ ਨੂੰ ਪਿਆ ਮਾਰੇ ਖ਼ੌਫ਼ ਹਨ੍ਹੇਰਿਆਂ ਦਾ
ਕੁੱਝਾਂ ਨੂੰ ਏ ਤੋਗ ਨਿਮਾਸ਼ਾਂ ਪਈਆਂ ਦਾ
ਵੇਲੇ ਸਿਰ ਤੇ ਤੂੰ ਵੀ ਕੱਤਿਆ, ਸੀੜਿਆ ਨਈਂ
ਹੁਣ ਪਈ ਭੋਗਣ ਭੋਗ ਨਿਮਾਸ਼ਾਂ ਪਈਆਂ ਦਾ
ਭੋਰਾ ਭੋਰਾ ਕਰ ਕੇ ਜੁੱਸਾ ਛੱਡ ਜਾਂਦਾ ਏ
ਯਾਦਾਂ ਦਾ ਸੰਜੋਗ ! ਨਿਮਾਸ਼ਾਂ ਪਈਆਂ ਦਾ
ਭੋਲਿਆ ਪੱਖੂਆ, ਕਰ ਕੋਈ ਫ਼ਿਕਰ ਟਿਕਾਣੇ ਦਾ
ਨਾ ਪਿਆ ਚੋਗਾ ਚੋਗ ਨਿਮਾਸ਼ਾਂ ਪਈਆਂ ਦਾ
ਲੁੱਗ ਮਲੁੱਗੀ ਢੋਕ ਤੇ ਕੱਲ ਮੁਕੱਲੀ ਨੂੰ
ਵੇਲ਼ਾ ਕਰਦਾ ਜੋਗ, ਨਿਮਾਸ਼ਾਂ ਪਈਆਂ ਦਾ
ਲੇਖਾਂ ਦੇ ਅਸਮਾਨ ਤੇ ਤਾਰਾ ਹਿੱਕ ਵੀ ਨਈਂ
ਕਰੀਏ ਕੀ ਅਸਰੋਗ ਨਿਮਾਸ਼ਾਂ ਪਈਆਂ ਦਾ
ਆਬਿਦ ਸੌੜਾਂ ਭੀੜਾਂ ’ਚ ਹੁਣ ਕੀ ਕਰਦੇ ਨੇਂ
ਆਪਣੇ ਨਾਲ਼ ਦੇ ਲੋਗ ਨਿਮਾਸ਼ਾਂ ਪਈਆਂ ਦਾ ?